ਕਾਂਗਰਸ-ਅਕਾਲੀ ਸਰਕਾਰਾਂ ਉਦਯੋਗਪਤੀਆਂ ਤੇ ਵਪਾਰੀਆਂ ਕੋਲੋਂ ਹਿੱਸਾ ਲੈਂਦੀਆਂ ਸਨ, ਅਸੀਂ ਹਿੱਸਾ ਨਹੀਂ ਮੰਗਦੇ: ਭਗਵੰਤ ਮਾਨ
Friday, May 05, 2023 - 11:43 AM (IST)
ਜਲੰਧਰ (ਧਵਨ)–ਜਲੰਧਰ ਲੋਕ ਸਭਾ ਉਪ-ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਲਕਾ ਜਲੰਧਰ ਵੈਸਟ, ਨਾਰਥ ਅਤੇ ਸੈਂਟਰਲ ਦੇ ਵੱਖ-ਵੱਖ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਭਾਰਗਵ ਨਗਰ ਤੋਂ ਰੋਡ ਸ਼ੋਅ ਦੀ ਸ਼ੁਰੁਆਤ ਕੀਤੀ। ਇਥੋਂ ਉਨ੍ਹਾਂ ਨੇ ਨਾਰੀ ਨਿਕੇਤਨ ਚੌਂਕ ਤਕ ਰੋਡ ਸ਼ੋਅ ਕੱਢਿਆ। ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਮੁੱਖ ਮੰਤਰੀ ਨੇ ਮਿਲਾਪ ਚੌਂਕ ਤੋਂ ਭਗਤ ਸਿੰਘ ਚੌਂਕ ਤਕ ਰੋਡ ਸ਼ੋਅ ਕੀਤਾ। ਇਸ ਤੋਂ ਇਲਾਵਾ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿਚ ਦੋਮੋਰੀਆ ਪੁੱਲ ਤੋਂ ਕਿਸ਼ਨਪੁਰਾ ਚੌਕ ਤਕ ਰੋਡ ਸ਼ੋਅ ਕੀਤਾ ਅਤੇ ਲੋਕਾਂ ਨਾਲ ਰੂਬਰੂ ਹੋਏ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਘਟਨਾ ਦੀਆਂ ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਜਲੰਧਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਬੋਲੇ ਅਤੇ ਕਿਹਾ ਕਿ ਕਾਂਗਰਸੀ-ਅਕਾਲੀ ਨੇਤਾਵਾਂ ਨੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਵੇਚ ਦਿੱਤੀ, ਬਜ਼ੁਰਗਾਂ ਦੀ ਦਵਾਈ ਵੇਚ ਦਿੱਤੀ। ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਆਪਣੇ ਲਈ ਵੱਡੇ-ਵੱਡੇ ਮਹੱਲ ਬਣਾਏ ਅਤੇ ਅਰਬਾਂ ਰੁਪਏ ਦੀ ਜਾਇਦਾਦ ਇਕੱਠੀ ਕੀਤੀ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ’ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਹਰਸਿਮਰਤ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ਵਿਚ ਦੱਸਿਆ ਸੀ ਕਿ ਉਨ੍ਹਾਂ ਕੋਲ ਸਾਢੇ 3 ਕਿੱਲੋ ਸੋਨਾ, ਕਰੋਡ਼ਾਂ ਰੁਪਏ ਦੀ ਨਕਦੀ ਤੇ ਜਾਇਦਾਦ ਹੈ। ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਕੋਲ ਇੰਨੇ ਪੈਸੇ ਕਿੱਥੋਂ ਆਏ? ਅਸਲ ’ਚ ਇਹ ਸਭ ਜਨਤਾ ਦੇ ਪੈਸੇ ਹਨ।
ਮੁੱਖ ਮੰਤਰੀ ਨੇ ਕਾਂਗਰਸੀ ਨੇਤਾ ਅਤੇ ਸਾਬਕਾ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ’ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਘਰੋਂ ਛਾਪੇਮਾਰੀ ਦੌਰਾਨ ਕਰੋਡ਼ਾਂ ਦੀ ਜਾਇਦਾਦ ਦੇ ਕਾਗਜ਼ਾਤਾਂ ਤੋਂ ਇਲਾਵਾ ਨੋਟ ਗਿਣਨ ਵਾਲੀ ਮਸ਼ੀਨ ਵੀ ਮਿਲੀ ਸੀ। ਮਤਲਬ ਸਪਸ਼ਟ ਹੈ ਕਿ ਉਦਯੋਗ ਮੰਤਰੀ ਰਹਿੰਦੇ ਹੋਏ ਉਹ ਪੰਜਾਬ ਦੇ ਵਪਾਰੀਆਂ ਕੋਲੋਂ ਮੋਟਾ ਪੈਸਾ ਵਸੂਲਦੇ ਸਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ ਸੱਤਾਧਾਰੀ ਨੇਤਾ ਪੰਜਾਬ ਦੇ ਉਦਯੋਗਪਤੀਆਂ ਤੇ ਵਪਾਰੀਆਂ ਕੋਲੋਂ ਵਪਾਰ ਵਿਚੋਂ ਹਿੱਸਾ ਲੈਂਦੇ ਸਨ। ਹਿੱਸਾ ਨਾ ਦੇਣ ’ਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਅਤੇ ਰੇਡ ਕਰਵਾਉਂਦੇ ਸਨ। ਅਸੀਂ ਵਪਾਰੀਆਂ ਕੋਲੋਂ ਹਿੱਸਾ ਨਹੀਂ ਲੈਂਦੇ। ਅਸੀਂ ਪੰਜਾਬ ਦੇ ਆਮ ਲੋਕਾਂ ਦੇ ਦੁੱਖ-ਦਰਦ ਵਿਚ ਸ਼ਾਮਲ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਕੋਲੋਂ ਸਾਡਾ ਕੋਈ ਵੀ ਨੇਤਾ ਕਮਿਸ਼ਨ ਤੇ ਹਿੱਸੇਦਾਰੀ ਨਹੀਂ ਮੰਗਦਾ। ਪੰਜਾਬ ਦੇ ਵਪਾਰੀ ਹੁਣ ਬੇਖੌਫ ਹੋ ਕੇ ਆਪਣਾ ਵਪਾਰ ਕਰਦੇ ਹਨ ਅਤੇ ਸਰਕਾਰ ਨੂੰ ਕਰੋਡ਼ਾਂ ਰੁਪਏ ਦਾ ਟੈਕਸ ਵੀ ਭਰਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਆਮ ਆਦਮੀ ਦੀ ਸਰਕਾਰ ਹੈ। ਆਮ ਜਨਤਾ ਦੀ ਸਹੂਲਤ ਲਈ ਅਸੀਂ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ 2 ਵਜੇ ਤਕ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬਚਤ ਹੋਵੇਗੀ ਅਤੇ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਹਰ ਮਹੀਨੇ 16 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਦੇ ਬਿੱਲ ਬਚਣਗੇ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਨੂੰ ਹੁਣ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਵੀ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ