ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ

Friday, Aug 05, 2022 - 12:06 PM (IST)

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਵਿੱਦਿਆ ਦੇ ਸੰਤ ਮੰਨੇ ਗਏ ਹਨ ਅਤੇ ਉਨ੍ਹਾਂ ਨੇ ਵਿੱਦਿਆ ਦਾ ਦਾਨ ਲੋਕਾਂ 'ਚ ਵੰਡਿਆ ਸੀ ਅਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਉਹ ਬੰਦਾ ਵੱਡਾ ਨਹੀਂ ਹੋਵੇਗਾ ਜਿਸ ਕੋਲ ਜਾਇਦਾਦ ਹੈ ਜਾਂ ਜਿਸ ਕੋਲ ਪੈਸੇ ਜ਼ਿਆਦਾ ਨੇ ਬਲਕਿ ਭਵਿੱਖ 'ਚ ਉਹ ਬੰਦਾ ਵੱਡਾ ਹੋਵੇਗਾ ਜਿਸ ਦੇ ਬੱਚੇ ਪੜ੍ਹੇ-ਲਿਖੇ ਹਨ। ਉਨ੍ਹਾਂ ਕਿਹਾ ਕਿ ਬਾਕੀ ਸਭ ਕੁਝ ਅਸੀਂ ਗੁਆਹ ਸਕਦੇ ਹਾਂ ਪਰ ਵਿੱਦਿਆ ਕਦੇ ਵੀ ਚੋਰੀ ਨਹੀਂ ਹੋ ਸਕਦੀ। 

ਇਹ ਵੀ ਪੜ੍ਹੋ- ਉੱਜੜਿਆ ਘਰ, ਦੋਸਤਾਂ ਦੇ ਕਹਿਣ 'ਤੇ 16 ਸਾਲਾ ਮੁੰਡੇ ਵੱਲੋਂ ਨਸ਼ੇ ਦਾ ਟੀਕਾ ਲਾਉਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕ ਬਹੁਤ ਸਮੇਂ ਤੋਂ ਮੰਗ ਕਰ ਰਹੇ ਸੀ ਅਤੇ ਮੇਰਾ ਵੀ ਸੁਫ਼ਨਾ ਸੀ ਕਿ ਬਾਬਾ ਅਤਰ ਸਿੰਘ ਜੀ ਦੀ ਧਰਤੀ 'ਤੇ ਕੋਈ ਪੜ੍ਹਾਈ ਨਾਲ ਵੱਡਾ ਅਦਾਰਾ ਸਥਾਪਤ ਕੀਤਾ ਜਾਵੇ ਕਿਉਂਕਿ ਇਸ ਇਲਾਕੇ 'ਚ ਇਸ ਚੀਜ਼ ਦੀ ਘਾਟ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚਿਆਂ ਨੂੰ ਪੜ੍ਹਾਈ ਲਈ ਪਿੰਡ ਤੋਂ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ ਜਿਸ ਕਾਰਨ ਪਰਿਵਾਰ ਵਾਲੇ ਆਪਣੀਆਂ ਕੁੜੀਆਂ ਨੂੰ ਪੜ੍ਹਾਈ ਤੋਂ ਹਟਾ ਲੈਂਦੇ ਹਨ ਪਰ ਹੁਣ 'ਆਪ' ਦੀ ਸਰਕਾਰ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਬੱਚੇ ਨੂੰ ਪੜ੍ਹਾਈ ਨਹੀਂ ਛੱਡਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਾਨ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਲਈ 25 ਏਕੜ ਜ਼ਮੀਨ ਸਰਕਾਰ ਨੂੰ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਉਸਾਰੀ ਲਈ ਭਾਰਤ ਦੇ ਮਸ਼ਹੂਰ ਨਕਸ਼ਾ ਬਣਾਉਣ ਵਾਲਿਆਂ ਦੀ ਮਦਦ ਲਈ ਜਾਵੇਗੀ ਅਤੇ ਇਸ ਇਲਾਕੇ ਦੇ ਬੱਚਿਆਂ ਲਈ ਸੀਟਾਂ ਵੀ ਰਾਖਵੀਆਂ ਰੱਖੀਆਂ ਜਾਣਗੀਆਂ। ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਵਧੇਗੀ। ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਵੀ ਕਾਇਆ ਪਲਟ ਕੀਤੀ ਜਾਵੇਗੀ ਅਤੇ ਉਸ ਨੂੰ ਵੀ ਵੱਡਾ ਕੀਤਾ ਜਾਵੇਗਾ। ਜਲਦ ਹੀ ਟਰੌਮਾ ਸੈਂਟਰ ਵੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ 31 ਮਾਰਚ 2023 ਤੱਕ ਇਹ ਮੈਡੀਕਲ ਕਾਲਜ ਅਤੇ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਅਤੇ ਇਸ ਦੀ ਸ਼ੁਰੂਆਤ 75 ਸੀਟਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਸੀ ਕੀਤਾ ਇਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਘਰ ਬੈਠਾ ਦਿੱਤਾ।15 ਅਗਸਤ ਨੂੰ 75 ਮੁਹੱਲਾ ਕਲੀਨਿਕ ਵੀ ਸ਼ੁਰੂ ਕੀਤੇ ਜਾਣਗੇ। 90 ਫ਼ੀਸਦੀ ਬੰਦੇ ਮੁਹੱਲਾ ਕਲੀਨਿਕ ਤੋਂ ਹੀ ਠੀਕ ਹੋਣਗੇ ਅਤੇ ਲੋਕਾਂ ਨੂੰ ਪੀ.ਜੀ.ਆਈ. ਜਾ ਹੋਰ ਹਸਪਤਾਲਾਂ 'ਚ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਅੰਕੜਿਆ ਮੁਤਾਬਕ 51 ਲੱਖ ਘਰਾਂ ਦਾ ਬਿੱਲ ਜ਼ੀਰੋ ਆਵੇਗਾ। ਉਨ੍ਹਾਂ ਕਿਹਾ ਕਿ ਜੋ ਚੀਜ਼ ਮੰਤਰੀਆਂ ਨੂੰ ਮੁਫ਼ਤ ਮਿਲੀ ਹੈ ਉਹੀ ਲੋਕਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਬੁੱਢਾਪਾ ਪੈਨਸ਼ਨ ਲਈ ਬੈਂਕਾਂ ਦੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ ਸਗੋਂ 1,2,3 ਤਾਰੀਖ਼ ਨੂੰ ਘਰ ਵਿੱਚ ਹੀ ਪੈਨਸ਼ਨ ਮਿਲਿਆ ਕਰੇਗੀ। ਆਟਾ-ਦਾਲ ਸਕੀਮ ਸ਼ੁਰੂ ਕੀਤੀ ਜਾਵੇਗੀ।  ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ , ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News