ਭਗਵੰਤ ਮਾਨ ਸਰਕਾਰ ਨੇ ਪਹਿਲੇ ਦਸ ਮਹੀਨਿਆਂ ’ਚ ਹੀ ਇਤਿਹਾਸਕ ਫ਼ੈਸਲੇ ਲਏ - ਜਿੰਪਾ

Friday, Jan 27, 2023 - 01:35 PM (IST)

ਭਗਵੰਤ ਮਾਨ ਸਰਕਾਰ ਨੇ ਪਹਿਲੇ ਦਸ ਮਹੀਨਿਆਂ ’ਚ ਹੀ ਇਤਿਹਾਸਕ ਫ਼ੈਸਲੇ ਲਏ - ਜਿੰਪਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸਥਾਨਕ ਪੁਲਸ ਲਾਈਨ ਸਟੇਡੀਅਮ ਵਿਖੇ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ  ਪਹਿਲੇ ਦਸ ਮਹੀਨਿਆਂ ’ਚ ਹੀ ਲੋਕ ਹਿਤਾਂ ਲਈ ਇਤਿਹਾਸਕ ਫ਼ੈਸਲੇ ਲਏ ਹਨ। ਇਨ੍ਹਾਂ ਫੈਸਲਿਆਂ ਨੂੰ ਤਫ਼ਸੀਲ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ  25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਭ੍ਰਿਸ਼ਟਾਚਾਰ ਦੇ ਮੁਕੰਮਲ ਖਾਤਮੇ ਲਈ ਜ਼ੀਰੋ ਟੋਲਰੈਂਸ ਨੀਤੀ, ਸੂਬੇ ਦੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ, ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਪ੍ਰਮੁੱਖ ਹਨ । ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਸਫਲਤਾ ਨਾਲ ਲਾਗੂ ਕਰਕੇ ਸਰਕਾਰ ਨੇ ਸਰਕਾਰੀ ਪੈਸੇ ਨੂੰ ਬਚਾਇਆ ਹੈ ਅਤੇ ਇਹ ਪੈਸਾ ਲੋਕ ਹਿੱਤ ਦੇ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਦੇਸ਼ ਵਾਸੀਆਂ, ਪੰਜਾਬੀਆਂ ਅਤੇ ਖਾਸ ਤੌਰ 'ਤੇ ਸੰਗਰੂਰ ਵਾਸੀਆਂ ਨੂੰ ਇਸ ਅਹਿਮ ਦਿਹਾੜੇ ਦੀ ਵਧਾਈ ਦਿੱਤੀ। ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਉਨ੍ਹਾਂ ਬਹਾਦਰ ਸੂਰਬੀਰਾਂ ਨੂੰ ਵੀ ਉਨ੍ਹਾਂ ਵਧਾਈ ਦਿੱਤੀ ਜੋ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਰਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ’ਚ ਨਾਮਣਾ ਖੱਟ ਰਿਹਾ ਹੈ। 

PunjabKesari

ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਅਤੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਹਰਮਨ ਪਿਆਰੇ ਅਤੇ ਲੋਕ ਹਿਤੈਸ਼ੀ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਨਾਲ ਸਬੰਧਿਤ ਵਾਸੀਆਂ ਨੂੰ ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।  ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਹਿਲ ਸਦਕਾ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ 27 ਜਨਵਰੀ ਤੋਂ ਕੁੱਲ 500 ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਪੰਜਾਬ ਨੂੰ ਖੇਡਾਂ 'ਚ ਮੋਹਰੀ ਸੂਬਾ ਬਨਾਉਣ ਦੇ ਯਤਨਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੇ ਬਲਾਕ ਤੋਂ ਸੂਬਾ ਪੱਧਰ ਤੱਕ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਈਆਂ ਜਿਸ ਵਿਚ 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਅਤੇ 9961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ। ਆਪਣੇ ਮਹਿਕਮੇ ਮਾਲ ਵਿਭਾਗ ਬਾਰੇ ਜਿੰਪਾ ਨੇ ਦੱਸਿਆ ਕਿ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਪੰਜਾਬ ਸਰਕਾਰ ਨੇ ਇਕ ਵੈੰਬਸਾਈਟ ਸ਼ੁਰੂ ਕੀਤੀ ਹੈ ਜਿਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ ਅਤੇ ਜ਼ਮੀਨ ਦੀ ਖਰੀਦ ਫਰੋਖਤ ਵਿਚ ਆਸਾਨੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਦੇ ਮਕਸਦ ਨਾਲ 1090 ਨਵੇਂ ਪਟਵਾਰੀਆਂ ਦੀ ਭਰਤੀ ਮੁਕੰਮਲ ਕੀਤੀ ਗਈ ਹੈ ਅਤੇ ਮੰਤਰੀ ਮੰਡਲ ਵੱਲੋਂ ਪਟਵਾਰੀਆਂ ਦੀਆਂ 710 ਹੋਰ ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਾਲ ਵਿਭਾਗ ਵਿਚ ਵੱਡੇ ਪੱਧਰ 'ਤੇ ਲੋਕ ਪੱਖੀ ਸੁਧਾਰ ਲਾਗੂ ਕੀਤੇ ਜਾਣਗੇ ਅਤੇ ਇਸ ਪਾਸੇ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਯਤਨ ਕਰ ਰਹੇ ਹਨ। 

PunjabKesari

ਸੂਬਾ ਸਰਕਾਰ ਦੇ ਇੱਕ ਹੋਰ ਦੂਰ-ਅੰਦੇਸ਼ੀ ਕਦਮ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਸਰਕਾਰ ਨੇ 100 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੂਬੇ ਭਰ ਵਿੱਚ 21 ਫਰਵਰੀ 2023 ਤੱਕ ਸਾਰੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣੇ ਜ਼ਰੂਰੀ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਆਪਣੇ ਸੰਬੋਧਨ ਦੇ ਸ਼ੁਰੂਆਤ ਜਿੰਪਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। 
  


author

Anuradha

Content Editor

Related News