ਆਮ ਆਦਮੀ ਪਾਰਟੀ ਦੀ ਰੈਲੀ ''ਤੇ ਛਾਏ ਸੰਕਟ ਦੇ ਬੱਦਲ

08/23/2016 11:50:42 PM

ਜਗਰਾਓਂ (ਜਸਬੀਰ ਸ਼ੇਤਰਾ)— ਆਮ ਆਦਮੀ ਪਾਰਟੀ ਦੀ ਭਲਕੇ ਇਥੇ ਝਾਂਣੀ ਰਾਣੀ ਚੌਕ ਵਿਚ ਹੋਣ ਜਾ ਰਹੀ ਭਗਵੰਤ ਮਾਨ ਦੀ ''ਬਾਦਲ ਭਜਾਓ ਪੰਜਾਬ ਬਚਾਓ'' ਰੈਲੀ ''ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਘੱਟੋ-ਘੱਟ ਇਸ ਥਾਂ ਨੂੰ ਬਦਲਣ ਦੀ ਮੰਗ ਨੇ ਤਾਂ ਇੰਨਾ ਜ਼ੋਰ ਫੜ ਲਿਆ ਹੈ ਕਿ ਹੁਣ ਕਾਂਗਰਸ ਨੇ ਭਲ ਕੇ ਰੈਲੀ ਵਾਲੀ ਥਾਂ ਨਾ ਬਦਲਣ ''ਤੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਉਧਰ ਆਮ ਆਦਮੀ ਪਾਰਟੀ ਵੀ ਉਸੇ ਥਾਂ ਰੈਲੀ ਕਰਨ ਲਈ ਬੇਜ਼ਿੱਦ ਹੈ। ਦੋ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਗੂਆਂ ਨਾਲ ਮਿਲ ਕੇ ਦਿੱਤੇ ਧਰਨੇ ਦੌਰਾਨ ਤਿੰਨ ਘੰਟੇ ਤੱਕ ਆਵਾਜਾਈ ਠੱਪ ਰੱਖੀ ਗਈ। ਇਹ ਧਰਨਾਕਾਰੀ ਬੀਤੇ ਕੱਲ੍ਹ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇਣ ਵਾਲੇ ''ਆਪ'' ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਰੈਲੀ ਸਬੰਧੀ ''ਆਪ'' ਵੱਲੋਂ ਲਾਏ ਗਏ ਕੁਝ ਫਲੈਕਸ ਹੋਰਡਿੰਗ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਬੀਤੇ ਦਿਨੀਂ ਲਾਹ ਲਏ ਸਨ।
ਇਸ ਕਾਰਵਾਈ ਖ਼ਿਲਾਫ਼ ਪਾਰਟੀ ਵਲੰਟੀਅਰਾਂ ਨੇ ਨਗਰ ਕੌਂਸਲ ਅੱਗੇ ਰੋਸ ਵਜੋਂ ਧਰਨਾ ਲਗਾ ਦਿੱਤਾ ਸੀ। ਇਸੇ ਧਰਨੇ ਵਿੱਚੋਂ ਉਪਜੇ ਅੱਜ ਵਾਲੇ ਧਰਨੇ ਕਰਕੇ ਲੋਕਾਂ ਨੂੰ ਤਿੰਨ ਘੰਟੇ ਤੱਕ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਧਰਨਾ ਰੇਲਵੇ ਪੁਲ ਉਪਰ ਲੱਗਿਆ ਹੋਣ ਕਰਕੇ ਕਹਿਰ ਦੀ ਗਰਮੀ ਵਿਚ ਆਵਾਜਾਈ ਠੱਪ ਰਹੀ। ਧਰਨੇ ਵਿਚ ਕਾਂਗਰਸ ਵੱਲੋਂ ਬਲਾਕ ਸ਼ਹਿਰੀ ਪ੍ਰਧਾਨ ਗੋਪਾਲ ਸ਼ਰਮਾ, ਸਾਬਕਾ ਪ੍ਰਧਾਨ ਰਾਕੇਸ਼ ਮਲਹੋਤਰਾ, ਗੁਰਮੇਲ ਸਿੰਘ ਕੈਲੇ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਭਰਵਾਲ, ਕੌਂਸਲਰ ਕਰਮਜੀਤ ਸਿੰਘ ਕੈਂਥ, ਰਾਜ ਭਾਰਦਵਾਜ, ਯੂਥ ਆਗੂ ਸਾਜਨ ਮਲਹੋਤਰਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਅਜੀਤ ਸਿੰਘ ਠੁਕਰਾਲ, ਕੌਂਸਲਰ ਅਪਾਰ ਸਿੰਘ ਤੇ ਸਤਿੰਦਰਪਾਲ ਸਿੰਘ ਤੱਤਲਾ ਜਦਕਿ ਭਾਜਪਾ ਵੱਲੋਂ ਬਲਦੇਵ ਕ੍ਰਿਸ਼ਨ ਤੇਲੂ, ਦਰਸ਼ਨ ਗਿੱਲ, ਦੇਵ ਸਿੰਘ, ਲਾਲ ਸਿੰਘ ਪਹਿਲਵਾਨ, ਕੌਂਸਲਰ ਕਿੰਮੀ ਵਰਮਾ ਆਦਿ ਸ਼ਾਮਲ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਢਿੱਲੋਂ ਅਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਨੇ ਕਿਹਾ ਕਿ ਕੱਲ੍ਹ ਸ਼ਾਮ ''ਆਪ'' ਦੇ ਧਰਨੇ ਕਰਕੇ ਨਗਰ ਕੌਂਸਲ ਮੁਲਾਜ਼ਮਾਂ ਨੂੰ ਰਾਤੀਂ ਨੌਂ ਵਜੇ ਤੱਕ ''ਬੰਧਕ'' ਬਣਾਈ ਰੱਖਿਆ ਗਿਆ। ਹੋਰ ਸ਼ਹਿਰਾਂ ਤੋਂ ਆਉਣ ਵਾਲੇ ਮੁਲਾਜ਼ਮਾਂ ਨੂੰ ਵੀ ਇਸ ਕਾਰਨ ਭਾਰੀ ਦਿੱਕਤ ਪੇਸ਼ ਆਈ। ਇਸ ਲਈ ਧਰਨਾ ਦੇਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਕ ਵਜੇ ਦੇ ਕਰੀਬ ਡੀ.ਐਸ.ਪੀ. (ਡੀ) ਵਰਿਆਮ ਸਿੰਘ ਧਰਨੇ ਵਿੱਚ ਪਹੁੰਚੇ ਤੇ ਉਨ੍ਹਾਂ ਲਿਖਤ ਰੂਪ ਵਿੱਚ ਸ਼ਿਕਾਇਤ ਦੇਣ ਤੇ ਉਸ ''ਤੇ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਪਰ ਮੁਲਾਜ਼ਮ ਯੂਨੀਅਨ ਨੇ ਆਪਣੀ ਹੜਤਾਲ ਜਾਰੀ ਰੱਖੀ ਤੇ ਕਾਰਵਾਈ ਹੋਣ ''ਤੇ ਹੀ ਕੰਮ ''ਤੇ ਪਰਤਣ ਦੀ ਗੱਲ ਕਹੀ ਹੈ। ਬਲਾਕ ਕਾਂਗਰਸ ਪ੍ਰਧਾਨ ਗੋਪਾਲ ਸ਼ਰਮਾ ਨੇ ਕਿਹਾ ਕਿ ਝਾਂਸੀ ਚੌਕ ਵਿਚ ਰੈਲੀ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ ਇਸ ਲਈ ਇਸ ਥਾਂ ਤੋਂ ਰੈਲੀ ਬਦਲੀ ਜਾਵੇ। ਅਜਿਹਾ ਨਾ ਹੋਣ ''ਤੇ ਉਨ੍ਹਾਂ ਭਲਕੇ ਧਰਨਾ ਲਾਉਣ ਦਾ ਐਲਾਨ ਕੀਤਾ। ''ਆਪ'' ਆਗੂ ਗੋਪੀ ਸ਼ਰਮਾ ਨੇ ਇਸ ਸਮੁੱਚੇ ਘਟਨਾਕ੍ਰਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।


Gurminder Singh

Content Editor

Related News