ਪੰਜਾਬ 'ਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਤਿਆਰੀ, ਪ੍ਰਿੰਸੀਪਲਾਂ ਨਾਲ ਵੱਡੀ ਮੀਟਿੰਗ ਕਰਨਗੇ CM ਭਗਵੰਤ ਮਾਨ

05/07/2022 12:06:41 PM

ਲੁਧਿਆਣਾ (ਵਿੱਕੀ) : ਦਿੱਲੀ ਦੇ ਸਿੱਖਿਆ ਮਾਡਲ ਨੂੰ ਪੰਜਾਬ ’ਚ ਲਾਗੂ ਕਰਨ ਲਈ ‘ਆਪ’ ਸਰਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀ. ਈ. ਓ.), ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡਿਪਟੀ ਡੀ. ਈ. ਓ.), ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ (ਬੀ. ਪੀ. ਈ. ਓ.) ਨਾਲ 10 ਮਈ ਨੂੰ ਪਹਿਲੀ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਇਕ ਰਿਜ਼ੋਰਟ ’ਚ ਹੋਵੇਗੀ, ਜਿਸ ਦੇ ਲਈ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਮੀਟਿੰਗ ’ਚ 2500 ਦੇ ਕਰੀਬ ਸਰਕਾਰੀ ਸਕੂਲ ਮੁਖੀ, ਡੀ. ਈ. ਓ., ਡਿਪਟੀ ਡੀ. ਈ. ਓ., ਬੀ. ਪੀ. ਈ. ਓ. ਸ਼ਾਮਲ ਹੋਣਗੇ, ਜਿਸ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਵੱਡਾ ਝਟਕਾ, ਇਕ ਹਜ਼ਾਰ ਤੋਂ ਪਾਰ ਹੋਇਆ ਘਰੇਲੂ ਗੈਸ ਸਿਲੰਡਰ

ਜ਼ਿਕਰਯੋਗ ਹੈ ਕਿ ਸੂਬੇ ’ਚ 3700 ਦੇ ਕਰੀਬ ਹਾਈ ਅਤੇ ਸੈਕੰਡਰੀ ਸਕੂਲ ਹਨ। ਦੱਸ ਦੇਈਏ ਕਿ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਿੱਖਿਆ ਵਿਭਾਗ ਦੇ ਕੁੱਝ ਆਲ੍ਹਾ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਕਰਵਾਈ ਜਾ ਰਹੀ ਪੜ੍ਹਾਈ, ਸਕੂਲਾਂ ਦੇ ਢਾਂਚੇ ਅਤੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੜ੍ਹਾਈ ਦੇ ਪੈਟਰਨ ਨੂੰ ਜਾਣਿਆ ਸੀ। ਹਾਲਾਂਕਿ ਪਹਿਲਾਂ ਇਹ ਮੀਟਿੰਗ 7 ਮਈ ਨੂੰ ਹੋਣੀ ਸੀ ਪਰ ਹੁਣ ਇਸ ਨੂੰ ਬਦਲ ਕੇ 10 ਮਈ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਵਿਧਾਇਕਾਂ ਨੂੰ ਆਪਣੇ-ਆਪਣੇ ਹਲਕਿਆਂ ਦੇ ਸਕੂਲਾਂ ਦਾ ਇਕ ਪਲਾਨ ਬਣਾ ਕੇ ਲਿਆਉਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਤੋਂ ਵੱਡੀ ਖ਼ਬਰ : ਪੰਜਾਬ ਪੁਲਸ ਤੇ PRTC ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ

ਦਿੱਲੀ ’ਚ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ਪੰਜਾਬ ਵਿਚ ਵੀ ਸਾਰੇ 117 ਹਲਕਿਆਂ ’ਚ ਮੁਹੱਲਾ ਕਲੀਨਿਕ ਬਣਾਉਣ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ਦੇ ਹਰ ਹਲਕੇ ’ਚ ਸਾਰੀਆਂ ਸਹੂਲਤਾਂ ਨਾਲ ਲੈਸ ਇਕ ਸਰਕਾਰੀ ਸਕੂਲ ਬਣਾਉਣ ਦੀ ਦਿਸ਼ਾ ’ਚ ਪੰਜਾਬ ਸਰਕਾਰ ਵੱਲੋਂ ਕਦਮ ਵਧਾਏ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਸਿੱਖਿਆ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ਜਲਦ ਹੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਕੂਲ ਮੁਖੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਸਿੱਖਿਆ ਦੇ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਵਿਚਾਰ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News