ਪੰਜਾਬ ਰੂਪੀ ਗੱਡੀ ਨੂੰ ਖਿੱਚ ਰਹੇ ਬੁੱਢੇ ਇੰਜਣ ਨੂੰ ਤੁਰੰਤ ਬਦਲਣ ਦੀ ਲੋੜ : ਭਗਵੰਤ ਮਾਨ

09/16/2019 10:26:37 AM

ਮੁਕੇਰੀਆਂ (ਨਾਗਲਾ)— ਕਰਜ਼ੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨ ਪੀੜ੍ਹੀ-ਦਰ-ਪੀੜ੍ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਰਾਜਨੀਤੀ ਨਾਲ ਜੁੜੇ ਬਾਦਲ ਵਰਗੇ ਲੋਕ ਪੀੜ੍ਹੀ-ਦਰ-ਪੀੜ੍ਹੀ ਆਪਣੇ ਬੱਚਿਆਂ ਨੂੰ ਰਾਜਨੀਤੀ 'ਚ ਲਿਆ ਕੇ ਕਰੋੜਾਂ ਰੁਪਏ ਕਮਾ ਰਹੇ ਹਨ, ਜਿਸ ਨਾਲ ਪੰਜਾਬ ਦਾ ਨਹੀਂ ਇਨ੍ਹਾਂ ਦਾ ਆਪਣਾ ਵਿਕਾਸ ਹੋ ਰਿਹਾ ਹੈ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਪਿੰਡ ਮਨਸੂਰਪੁਰ ਵਿਖੇ ਦੇਰ ਸ਼ਾਮ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਟਿੱਪਣੀ ਕਰਦੇ ਕਿਹਾ ਕਿ ਪੰਜਾਬ ਟੈਲੀਵਿਜ਼ਨ ਦੀਆਂ ਮਸ਼ਹੂਰੀਆਂ 'ਚ ਹੀ ਖੁਸ਼ਹਾਲ ਹੈ ਪਰ ਕਿਸਾਨਾਂ ਦੀਆਂ ਫਰਦਾਂ ਕੱਢ ਕੇ ਦੇਖ ਲਓ ਤਾਂ ਸਭ ਲਾਲ ਹੀ ਲਾਲ ਹੈ। ਬਾਦਲ ਪਰਿਵਾਰ ਜਿੱਥੇ 7 ਸਟਾਰ ਹੋਟਲ ਬਣਾ ਰਿਹਾ ਹੈ, ਟਰਾਂਸਪੋਰਟ ਚਲਾ ਰਿਹਾ ਹੈ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਸਾਰਾਗੜ੍ਹੀ ਵਿਖੇ ਕਿਲੇ ਬਣਾ ਰਿਹਾ ਹੈ ਪਰ ਸੂਬੇ ਦੀ ਜਨਤਾ ਦੇ ਡਿੱਗਦੇ ਕੱਚੇ ਮਕਾਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ 'ਚ ਪੰਜਾਬ ਵਰਗੀ ਉਪਜਾਊ ਜ਼ਮੀਨ ਅਤੇ ਪੰਜਾਬੀਆਂ ਵਰਗੇ ਮਿਹਨਤੀ ਲੋਕ ਕਿਤੇ ਵੀ ਨਹੀਂ ਹਨ, ਦੇ ਬਾਵਜੂਦ ਪੰਜਾਬ ਵਿਕਾਸ ਦੇ ਖੇਤਰ 'ਚ ਲਗਾਤਾਰ ਪਿਛੜਦਾ ਜਾ ਰਿਹਾ ਹੈ। ਇਸ ਦਾ ਇਕੋ ਹੀ ਕਾਰਨ ਹੈ ਕਿ ਪੰਜਾਬ ਦੀ ਅਗਵਾਈ ਨੌਜਵਾਨਾਂ ਦੇ ਹੱਥਾਂ 'ਚ ਨਹੀਂ ਹੈ।

ਮਾਨ ਨੇ ਕਿਹਾ ਕਿ ਪੰਜਾਬ ਰੂਪੀ ਗੱਡੀ ਨੂੰ ਖਿੱਚਣ ਵਾਲੇ ਇੰਜਣ ਬੁੱਢੇ (80-80 ਵਰ੍ਹਿਆਂ ਤੋਂ ਵੀ ਉੱਪਰ) ਹੋ ਚੁੱਕੇ ਹਨ, ਜਿਨ੍ਹਾਂ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਹੈ। ਦਿੱਲੀ ਦੀ ਜਨਤਾ ਨੇ ਕੇਜਰੀਵਾਲ ਵਰਗਾ ਯੁਵਾ ਇੰਜਣ ਲਗਾ ਕੇ ਦਿੱਲੀ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਤੋਰਿਆ ਹੈ। ਇਸ ਲਈ ਦਿੱਲੀ ਦੇ ਲੋਕਾਂ ਵਰਗੀ ਸੋਚ ਤੁਸੀਂ ਵੀ ਰੱਖੋ ਤਾਂ ਜੋ ਪੰਜਾਬ ਦੇ ਵਿਕਾਸ ਦੀ ਗੱਡੀ ਨੂੰ ਦੌੜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਪੜ੍ਹਾਈ ਦਾ ਪੱਧਰ ਗਰੀਬ-ਅਮੀਰ, ਜੱਜ ਅਤੇ ਮਜ਼ਦੂਰ ਦੇ ਬੇਟਿਆਂ ਲਈ ਇਕ ਸਮਾਨ ਹੈ, ਜਿਸ ਨਾਲ ਮਜ਼ਦੂਰ ਦਾ ਬੇਟਾ ਵੀ ਹੁਣ ਵੱਡਾ ਅਫਸਰ ਬਣਨ ਦੇ ਸੁਪਨੇ ਦੇਖਣ ਲੱਗਾ ਹੈ। ਪੰਜਾਬ 'ਚ ਗਰੀਬ ਵਰਗ ਦੇ ਬੱਚੇ ਮੁਫਤ ਦੇ ਖਾਣੇ 'ਚ ਹੀ ਉਲਝ ਕੇ ਰਹਿ ਗਏ ਹਨ, ਉਨ੍ਹਾਂ ਦੀ ਸੋਚ ਨੂੰ ਹੀ ਮਾਰ ਕੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਚੋਣਾਂ ਸਮੇਂ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਉਥੇ ਹੀ ਸੁਖਬੀਰ ਬਾਦਲ ਪੰਜਾਬ ਪੱਧਰੀ ਅਤੇ ਨਰਿੰਦਰ ਮੋਦੀ ਕੌਮਾਂਤਰੀ ਪੱਧਰ ਦੇ ਗੱਪੀ ਸਾਬਤ ਹੋਏ ਹਨ। ਉਨ੍ਹਾਂ ਪੰਜਾਬ 'ਚ ਚਾਰ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਜਿੱਤਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਰਵਜੋਤ ਸਿੰਘ, ਪ੍ਰੋਫੈਸਰ ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਜੈ ਕਿਸ਼ਨ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਪਾਬਲਾ, ਅਜੈ ਵਰਮਾ, ਹਰਮਿੰਦਰ ਸਿੰਘ ਸੰਧੂ, ਸੁਲੱਖਣ ਸਿੰਘ ਜੱਗੀ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ।


shivani attri

Content Editor

Related News