ਵੋਟਾਂ ਸਮੇਂ ਅਕਾਲੀ ਤੇ ਕਾਂਗਰਸੀ ਲੀਡਰਾਂ ਤੋਂ ਮਹਿੰਗੀ ਬਿਜਲੀ ਬਾਰੇ ਪੁੱਛਿਆ ਜਾਵੇ : ਭਗਵੰਤ ਮਾਨ

Tuesday, Mar 12, 2019 - 10:28 AM (IST)

ਵੋਟਾਂ ਸਮੇਂ ਅਕਾਲੀ ਤੇ ਕਾਂਗਰਸੀ ਲੀਡਰਾਂ ਤੋਂ ਮਹਿੰਗੀ ਬਿਜਲੀ ਬਾਰੇ ਪੁੱਛਿਆ ਜਾਵੇ : ਭਗਵੰਤ ਮਾਨ

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 'ਬਿਜਲੀ ਅੰਦੋਲਨ' ਰਾਹੀਂ ਸੂਬਾ ਪੱਧਰੀ ਰਣਨੀਤੀ ਦੇ ਤਹਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਵੋਟਾਂ ਮੰਗਣ ਆਏ ਸੱਤਾਧਾਰੀ ਕਾਂਗਰਸੀਆਂ ਸਮੇਤ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਆਗੂਆਂ-ਉਮੀਦਵਾਰਾਂ ਨੂੰ ਪੁੱਛਣ ਕਿ ਪੰਜਾਬ 'ਚ ਦੇਸ਼ ਭਰ 'ਚੋਂ ਸਭ ਤੋਂ ਮਹਿੰਗੀ ਬਿਜਲੀ ਕਿਉਂ ਹੈ ਅਤੇ ਹਰ ਘਰ 'ਤੇ ਪੈ ਰਹੇ ਇਸ ਵਾਧੂ ਵਿੱਤੀ ਬੋਝ ਲਈ ਕੌਣ-ਕੌਣ ਜ਼ਿੰਮੇਵਾਰ ਹੈ? ਇਸ ਦੇ ਨਾਲ ਹੀ 'ਆਪ' ਨੇ ਸੋਮਵਾਰ ਨੂੰ ਪੰਜਾਬ ਦੇ 18 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 'ਬਿਜਲੀ ਅੰਦੋਲਨ' ਤਹਿਤ ਮੰਗ ਪੱਤਰ ਸੌਂਪੇ ਅਤੇ ਬਿਜਲੀ ਦਰਾਂ ਵਾਜਬ ਕਰਨ ਲਈ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਅਤਿ ਮਹਿੰਗੇ ਬਿਜਲੀ ਖਰੀਦ ਇਕਰਾਰਨਾਮੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ।


'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਅਤੇ ਬਾਕੀ ਸਰਕਾਰੀ ਥਰਮਲ ਪਲਾਂਟਾਂ ਦੀ ਬਿਜਲੀ ਉਤਪਾਦਨ-ਸਮਰੱਥਾ ਘਟਾ ਕੇ ਪੰਜਾਬ ਨੂੰ ਪ੍ਰਾਈਵੇਟ ਬਿਜਲੀ ਕੰਪਨੀਆਂ 'ਤੇ ਨਿਰਭਰ ਕਰ ਦਿੱਤਾ ਗਿਆ ਹੈ। ਮਾਨ ਅਨੁਸਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ 'ਬਿਜਲੀ ਸਰਪਲੱਸ' ਕਰਨ ਦੇ ਨਾਂ ਹੇਠ ਅੱਜ ਤੱਕ ਦਾ ਸਭ ਤੋਂ ਵੱਡਾ ਘਪਲਾ ਕੀਤਾ ਗਿਆ। ਇਸ ਘਪਲੇ ਦੀ ਸਾਜ਼ਿਸ਼ ਤਹਿਤ ਜਿੱਥੇ ਸਰਕਾਰ ਨੇ ਥਰਮਲ ਪਲਾਂਟ ਬੰਦ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਕੋਲੋਂ ਰੋਜ਼ਗਾਰ ਖੋਹਿਆ ਹੈ, ਉਥੇ ਹੀ ਹਰ ਅਮੀਰ ਅਤੇ ਗਰੀਬ ਦੀ ਜੇਬ 'ਤੇ ਡਾਕਾ ਮਾਰਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਕੰਪਨੀਆਂ ਨਾਲ ਕੀਤੇ ਲੰਬੇ ਸਮਝੌਤਿਆਂ 'ਚ ਪਹਿਲਾਂ ਬਾਦਲ ਸਰਕਾਰ ਚਲਾ ਰਹੇ ਵੱਡੇ ਲੀਡਰਾਂ ਦੀ ਹਿੱਸਾ-ਪੱਤੀ ਰਹੀ ਹੈ। ਕੈਪਟਨ ਸਰਕਾਰ ਵੀ ਲੋਕਾਂ ਨਾਲ ਵਾਅਦਾ ਕਰਕੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਅਤੇ ਮਿਲੀਭੁਗਤ ਦੀ ਜਾਂਚ ਕਰਨ ਤੋਂ ਭੱਜ ਚੁੱਕੀ ਹੈ ਪਰ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਇਸ ਜੰਗ ਨੂੰ ਜਾਰੀ ਰੱਖੇਗੀ।


author

shivani attri

Content Editor

Related News