ਕਿਸਾਨਾਂ ਨਾਲ ਧੋਖਾ ਕਰ ਰਹੇ ਹਨ ਕੈਪਟਨ : ਭਗਵੰਤ ਮਾਨ
Thursday, Feb 07, 2019 - 03:19 PM (IST)

ਚੰਡੀਗੜ੍ਹ (ਰਮਨਜੀਤ) : ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਸੰਪੂਰਨ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਤੋਂ ਮੁੱਕਰਨ 'ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਸੰਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਸਾਫ਼ ਮੁੱਕਰ ਗਈ ਹੈ। ਹੁਣ ਕਿਸਾਨ ਰਾਹਤ ਦੇ ਨਾਂ 'ਤੇ ਕੁਝ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਕੇ ਲੋਕ ਸਭਾ ਚੋਣ 'ਚ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਲਈ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਕੈਪਟਨ ਸਰਕਾਰ ਆਪਣੀਆਂ ਝੂਠੀਆਂ ਉਪਲੱਬਧੀਆਂ ਦੇ ਹੋਰਡਿੰਗਸ ਅਤੇ ਪੋਸਟਰ ਲਵਾ ਰਹੀ ਹੈ। ਸੂਬੇ ਭਰ ਦੇ ਪਿੰਡਾਂ ਅਤੇ ਕਸਬਿਆਂ 'ਚ ਇਹ ਹੋਰਡਿੰਗਸ ਲਾਏ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜਨਤਾ ਜਾਗਰੂਕ ਹੋ ਚੁੱਕੀ ਹੈ ਅਤੇ ਉਹ ਇਨ੍ਹਾਂ ਹੋਰਡਿੰਗਸ ਅਤੇ ਪੋਸਟਰਾਂ ਦੇ ਝਾਂਸੇ 'ਚ ਨਹੀਂ ਆਵੇਗੀ। ਇਹ ਕੇਵਲ ਪੈਸੇ ਦੀ ਬਰਬਾਦੀ ਹੈ ਕਿਉਂਕਿ ਚੋਣ ਹੋਰਡਿੰਗਸ ਅਤੇ ਪੋਸਟਰਾਂ ਨਾਲ ਨਹੀਂ ਜਿੱਤਿਆ ਜਾ ਸਕਦਾ ਹੈ।