ਭਗਵੰਤ ਮਾਨ ਦੀ ਚਿਤਾਵਨੀ, ਕਿਹਾ-ਸਭ ਦੇ ਕਾਗਜ਼ ਨਿਕਲ ਰਹੇ, ਬੁਲਡੋਜ਼ਰ ਕਿੱਥੇ-ਕਿੱਥੇ ਚੱਲੇਗਾ ਵੇਖਦੇ ਰਹੋ

Wednesday, May 04, 2022 - 12:56 PM (IST)

ਭਗਵੰਤ ਮਾਨ ਦੀ ਚਿਤਾਵਨੀ, ਕਿਹਾ-ਸਭ ਦੇ ਕਾਗਜ਼ ਨਿਕਲ ਰਹੇ, ਬੁਲਡੋਜ਼ਰ ਕਿੱਥੇ-ਕਿੱਥੇ ਚੱਲੇਗਾ ਵੇਖਦੇ ਰਹੋ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਨੂੰ ਵਿਰੋਧੀਆਂ ’ਤੇ ਸਿੱਧਾ ਨਿਸ਼ਾਨਾ ਵਿੰਨ੍ਹਿਆ। ਸੰਗਰੂਰ ਵਿਚ ਆਪਣੇ ਜੱਦੀ ਪਿੰਡ ਸਤੌਜ ਵਿਚ ਕਿਸਾਨਾਂ ਨਾਲ ਰੂ-ਬ-ਰੂ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਕੋਲ ਜਦੋਂ ਫਾਈਲਾਂ ਆਉਂਦੀਆਂ ਹਨ ਤਾਂ ਲੱਗਦਾ ਹੈ ਪੰਜਾਬ ਦੇ ਲੋਕਾਂ ਦੇ ਖੂਨ ਨਾਲ ਲਥਪਥ ਹੋਈਆਂ ਹਨ ਕਿਉਂਕਿ ਪੰਜਾਬ ਨੂੰ ਇੰਨਾ ਲੁੱਟਿਆ ਗਿਆ ਹੈ। ਕੁੱਝ ਤਾਂ ਅੱਜ ਵੀ ਕੋਠੀ ਤੱਕ ਨਹੀਂ ਛੱਡ ਰਹੇ। ਗੱਡੀਆਂ ਨਹੀਂ ਵਾਪਸ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਆਦਤਾਂ ਪੈ ਗਈਆਂ ਹਨ। ਮਾਨ ਨੇ ਕਿਹਾ ਕਿ ਪਹਿਲਾਂ ਸਭ ਮਿਲੇ ਹੋਏ ਸਨ। ਕਿਹਾ ਜਾਂਦਾ ਸੀ ਕਿ ਅਗਲੇ 5 ਸਾਲ ਤੂੰ ਆ ਜਾਣਾ, ਇਸ ਲਈ ਤੂੰ ਰੱਖ ਲੈ ਪਰ ਪੰਜਾਬ ਸਰਕਾਰ ਨੇ ਕੋਠੀਆਂ ਵਾਪਸ ਕਰਵਾਈਆਂ ਹਨ। ਗੱਡੀਆਂ ਵਾਪਸ ਕਰਵਾਈਆਂ ਹਨ। ਪੈਨਸ਼ਨਾਂ ਬੰਦ ਕੀਤੀਆਂ ਹਨ। ਮਾਨ ਨੇ ਇਹ ਵੀ ਕਿਹਾ ਕਿ ਅਜੇ ਤਾਂ ਵੇਖਣਾ ਕਿਉਂਕਿ ਕਾਗਜ ਨਿਕਲ ਰਹੇ ਹਨ, ਬੁਲਡੋਜ਼ਰ ਕਿੱਥੇ-ਕਿੱਥੇ ਚੱਲੇਗਾ, ਵੇਖਦੇ ਜਾਓ। ਮਾਨ ਨੇ ਕਿਹਾ ਕਿ ਜੋ ਇਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜੋ ਇਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੋਇਆ ਹੈ, ਸਭ ਦਾ ਹਿਸਾਬ-ਕਿਤਾਬ ਹੋਵੇਗਾ। ਮਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਸ ਦਿਨ ਤੁਸੀ ਮੈਨੂੰ ਕਹਿ ਦੇਣਾ ਕਿ ਭਗਵੰਤ ਮਾਨ ਤੁਸੀ ਵੀ ਉਨ੍ਹਾਂ ਵਰਗੇ ਨਿਕਲੇ, ਜਦੋਂ ਕਦੇ ਮੇਰੇ ਘਰ ’ਤੇ ਕੋਈ ਇੱਟ ਲੱਗ ਗਈ। ਮੇਰਾ ਘਰ ਅਜਿਹਾ ਹੀ ਹੈ, ਅਜਿਹਾ ਹੀ ਰਹੇਗਾ।

ਇਹ ਵੀ ਪੜ੍ਹੋ : ਕੀ 40 ਦਿਨਾਂ ’ਚ 7 ਹਜ਼ਾਰ ਕਰੋੜ ਦੇ ਕਰਜ਼ੇ ਦੀ ਜਾਂਚ ਹੋਵੇਗੀ : ਰਾਜਾ ਵੜਿੰਗ

ਆਪਣੀ ਮਾਂ ਦੀ ਇੰਟਰਵਿਊ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੇ ਮਾਂ ਤੋਂ ਪੁੱਛਿਆ ਕਿ ਹੁਣ ਤਾਂ ਘਰ ਠੀਕ ਕਰ ਲਓ ਹੁਣ ਤਾਂ ਮੁੱਖ ਮੰਤਰੀ ਦਾ ਘਰ ਬਣ ਗਿਆ ਤਾਂ ਮਾਂ ਬੋਲੀ ਕਿ ਮੈਂ ਘਰ ਨੂੰ ਠੀਕ ਨਹੀਂ ਕਰਦੀ। ਕੀ ਪਤਾ ਇਸ ਘਰ ਵਿਚ ਕਿਹੜੀ ਕਰਮਾਂ ਵਾਲੀ ਇੱਟ ਲੱਗੀ ਹੋਈ ਹੈ, ਜਿਸ ਨੇ ਸਾਰੇ ਪੰਜਾਬ ਦਾ ਮਾਲਕ ਬਣਾ ਦਿੱਤਾ। ਰਹਿਣਾ ਓਨੀ ਹੀ ਜਗ੍ਹਾ ਵਿਚ ਹੁੰਦਾ ਹੈ। ਖਾਣੀਆਂ ਉਹੀ ਦੋ-ਤਿੰਨ ਰੋਟੀਆਂ ਹੁੰਦੀਆਂ ਹਨ। ਇਸ ਲਈ ਜੇਕਰ ਪੈਸਾ ਜ਼ਿਆਦਾ ਹੋ ਜਾਵੇ ਤਾਂ ਪੁਲਸ ਵਾਲੀ ਗੱਡੀ ਆਉਂਦੀ ਹੈ ਤਾਂ ਡਰ ਲੱਗਣ ਲੱਗ ਜਾਂਦਾ ਹੈ ਕਿਉਂਕਿ ਮਨ ਵਿਚ ਚੋਰ ਹੁੰਦਾ ਹੈ ਪਰ ਜੇਕਰ ਤੁਸੀਂ ਸੱਚੇ ਹੋ ਤਾਂ ਕਿਸ ਗੱਲ ਦਾ ਡਰ ਹੈ। ਭਗਵੰਤ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਦੇ ਮਾਲਕ ਹੋ, ਮੇਰਾ ਤਾਂ ਸਿਰਫ਼ ਨਾਂ ਲੱਗਦਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਵਿੱਤ ਮੰਤਰੀ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਤੁਸੀ ਵੀ ਬਜਟ ’ਤੇ ਆਪਣੀ ਰਾਇ ਦੇ ਸਕਦੇ ਹੋ।

ਅਫ਼ਸਰਾਂ ਦੀ ਸਲਾਹ ਕਾਗਜ਼ਾਂ ’ਚ ਰਹਿ ਜਾਂਦੀ ਹੈ
ਭਗਵੰਤ ਮਾਨ ਨੇ ਅਫ਼ਸਰਸ਼ਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸਲ ਨਬਜ਼ ਧਰਾਤਲ ’ਤੇ ਆ ਕੇ ਪਤਾ ਲੱਗਦੀ ਹੈ ਕਿਉਂਕਿ ਅਫ਼ਸਰਾਂ ਦੀ ਸਲਾਹ ਤਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ। ਜੇਕਰ ਚੰਗੇ ਸਲਾਹਕਾਰ ਹੋਣ ਤਾਂ ਖੇਤੀ ਸਬੰਧੀ ਕੋਈ ਗਲਤ ਫੈਸਲਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਝੋਨੇ ਦੀ ਸਿੱਧੀ ਬਿਜਾਈ ਨਾਲ ਮਜ਼ਦੂਰਾਂ ਨੂੰ ਘਾਟਾ ਨਹੀਂ ਪਵੇਗਾ

ਭਗਵੰਤ ਮਾਨ ਨੇ ਝੋਨਾ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਯੋਜਨਾ ਬਣਾ ਰਹੀ ਹੈ ਕਿ ਮਜ਼ਦੂਰਾਂ ਨੂੰ ਘਾਟਾ ਨਹੀਂ ਪਵੇਗਾ। ਇਸ ਯੋਜਨਾ ਦਾ ਖੁਲਾਸਾ ਛੇਤੀ ਹੀ ਸਰਕਾਰ ਕਰੇਗੀ। ਮਾਨ ਨੇ ਕਿਹਾ ਕਿ ਇਸ ਯੋਜਨਾ ਦੇ ਅਮਲ ਵਿਚ ਆਉਣ ਨਾਲ ਕਿਸਾਨ ਖੁਦ ਕਹਿਣਗੇ ਕਿ ਅਜਿਹਾ ਸੀਜ਼ਨ ਪਹਿਲਾਂ ਕਦੇ ਆਇਆ ਹੀ ਨਹੀਂ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਅੱਗੇ ਵਧ ਕੇ ਖੇਤੀਬਾੜੀ ਖੇਤਰ ਵਿਚ ਕ੍ਰਾਂਤੀ ਲਿਆਉਣੀ ਪਵੇਗੀ। ਇਸ ਲਈ ਸਰਕਾਰ ਪੂਰਾ ਸਹਿਯੋਗ ਕਰੇਗੀ। ਹਰ ਇਕ ਪਿੰਡ ਵਿਚ ਖੇਤੀਬਾੜੀ ਅਫ਼ਸਰ ਨੂੰ ਭੇਜਾਂਗੇ ਤਾਂ ਕਿ ਖੇਤੀਬਾੜੀ ਵਿਭਿੰਨਤਾ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਸਭ ਮਸਲਿਆਂ ਦੀ ਜਾਣਕਾਰੀ ਹੈ ਕਿਉਂਕਿ ਮੇਰਾ ਪਿੰਡ ਹੀ ਪੂਰਾ ਪੰਜਾਬ ਹੈ। ਇਸ ਲਈ ਜੇਕਰ ਮੈਂ ਪਿੰਡ ਨੂੰ ਖੁਸ਼ ਕਰ ਦੇਵਾਂਗਾ ਤਾਂ ਪੂਰਾ ਪੰਜਾਬ ਖੁਸ਼ ਹੋ ਜਾਵੇਗਾ। ਮਾਨ ਨੇ ਪਾਣੀ ਸੁਰੱਖਿਆ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਕ ਹਿੱਸੇ ਵਿਚ ਜਾ ਕੇ ਸਤਲੁਜ ਦਾ ਪਾਣੀ ਕਾਲਾ ਹੋ ਜਾਂਦਾ ਹੈ। ਇਸ ਲਈ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ। ਇਸ ਵਿਚ ਭੂਜਲ ਅਤੇ ਨਹਿਰੀ ਪਾਣੀ ਦੋਵਾਂ ਨੂੰ ਸੁਰੱਖਿਅਤ ਕਰਨਾ ਪਵੇਗਾ।

ਸਿੱਧੀ ਬਿਜਾਈ ਅਤੇ ਹੋਰ ਫਸਲਾਂ ਦੀ ਬਿਜਾਈ ਨੂੰ ਲੈ ਕੇ ਬਿਜਲੀ ਦੀ ਚੁਣੌਤੀ ਦੀ ਗੱਲ ਸਾਹਮਣੇ ਆਉਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਕਮੀ ਨਹੀਂ ਹੋਵੇਗੀ। ਪੰਜਾਬ ਦੀ ਝਾਰਖੰਡ ਵਿਚ ਕੋਲੇ ਦੀ ਖਾਨ ਬੰਦ ਪਈ ਸੀ ਅਤੇ ਸਰਕਾਰ ਨੇ ਇਹ ਖਾਨ ਚਲਵਾ ਲਈ ਹੈ। ਹੁਣ ਕੋਲਾ ਸਿੱਧਾ ਪੰਜਾਬ ਆਵੇਗਾ। ਮਾਨ ਨੇ ਇਹ ਵੀ ਕਿਹਾ ਕਿ ਅਸੀਂ ਪੰਚਾਇਤੀ ਜ਼ਮੀਨਾਂ ਨੂੰ ਛੁਡਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਨੇ ਵੀ ਕਬਜ਼ਾ ਕੀਤਾ ਹੋਇਆ ਹੈ, ਉਨ੍ਹਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਖੁਦ ਹੀ ਜ਼ਮੀਨ ਛੱਡ ਦੇਵੋ। ਨਹੀਂ ਤਾਂ ਸਰਕਾਰ ਆਪਣਾ ਕੰਮ ਕਰੇਗੀ ਹੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

Anuradha

Content Editor

Related News