ਭਗਵੰਤ ਮਾਨ ਦਾ ਬਿਆਨ ‘ਆਪ’ ਨੂੰ ਬਲੈਕਮੇਲ ਕਰਨ ਲਈ : ਡਾ. ਸੁਭਾਸ਼ ਸ਼ਰਮਾ

Monday, Dec 06, 2021 - 12:44 AM (IST)

ਭਗਵੰਤ ਮਾਨ ਦਾ ਬਿਆਨ ‘ਆਪ’ ਨੂੰ ਬਲੈਕਮੇਲ ਕਰਨ ਲਈ : ਡਾ. ਸੁਭਾਸ਼ ਸ਼ਰਮਾ

ਚੰਡੀਗੜ੍ਹ(ਸ਼ਰਮਾ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਵਲੋਂ ਭਾਜਪਾ ਬਾਰੇ ਦਿੱਤੇ ਬਿਆਨ ’ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਾਜਪਾ ਆਗੂ ਦਾ ਨਾਮ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਇਹ ਬਿਆਨ ਆਪਣੀ ਹੀ ਪਾਰਟੀ ’ਚ ਮਰ ਰਹੀ ਆਪਣੀ ਸਰਦਾਰੀ ਨੂੰ ਬਚਾਉਣ ਲਈ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਨੇ ਹੀ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਤੋਂ ਦੂਰ ਰੱਖਿਆ ਹੋਇਆ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਬਲੈਕਮੇਲ ਕਰਨ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਪੂਰਾ ਪੰਜਾਬ ਜਾਣਦਾ ਹੈ ਕਿ ਭਗਵੰਤ ਮਾਨ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਸੰਪਰਕ ’ਚ ਹਨ ਅਤੇ ਜਲਦੀ ਹੀ ਆਮ ਆਦਮੀ ਪਾਰਟੀ ਨੂੰ ਛੱਡਣ ਜਾ ਰਹੇ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਘਰ ਘੇਰਨ ਦੀ ਬਜਾਏ CM ਚੰਨੀ ਦੀ ਕੋਠੀ ਘੇਰਨ ਸਿੱਧੂ : ਕੁੰਵਰ ਵਿਜੇ ਪ੍ਰਤਾਪ (ਵੀਡੀਓ)
ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਆਗੂ ਪਹਿਲਾਂ ਝੂਠ ਬੋਲਦੇ ਹਨ ਅਤੇ ਫਿਰ ਮਾਣਹਾਨੀ ਦਾ ਕੇਸ ਹੋਣ ’ਤੇ ਅਦਾਲਤ ’ਚ ਮੁਆਫ਼ੀ ਮੰਗਦੇ ਫਿਰਦੇ ਹਨ। ਝੂਠੇ ਇਲਜਾਮ ਲਾਉਣਾ ਅਤੇ ਫਿਰ ਭੱਜ ਜਾਣਾ ਉਨ੍ਹਾਂ ਦਾ ਸੁਭਾਅ ਹੈ। ਭਾਜਪਾ ਦੀ ਪੰਜਾਬ ’ਚ ਕੀ ਬੁਨਿਆਦ ਹੈ, ਇਸ ਦੇ ਸਰਟੀਫਿਕੇਟ ਦੀ ਭਗਵੰਤ ਮਾਨ ਤੋਂ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋ ਮਹੀਨੇ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ, ਪੰਜਾਬ ਦੇ ਲੋਕ ਇਸ ਦਾ ਜਵਾਬ ਵੋਟਾਂ ਰਾਹੀਂ ਭਾਜਪਾ ਦੀ ਸਰਕਾਰ ਬਣਾ ਕੇ ਦੇਣਗੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


author

Bharat Thapa

Content Editor

Related News