ਮੁੱਖ ਮੰਤਰੀ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ, ਸਬ-ਤਹਿਸੀਲ ਮਜੀਠਾ ਵਿਖੇ ਦਫਤਰਾਂ ਨੂੰ 8 ਵਜੇ ਤਕ ਲੱਗੇ ਰਹੇ ਤਾਲ਼ੇ

05/30/2023 5:47:24 PM

ਮਜੀਠਾ/ਕੱਥੂਨੰਗਲ (ਸਰਬਜੀਤ ਵਡਾਲਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗਰਮੀ ਦੇ ਮੌਸਮ ਅਤੇ ਬਿਜਲੀ ਦੀ ਖਪਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਸੀ ਕਿਉਂਕਿ ਦੁਪਹਿਰ ਸਮੇਂ ਗਰਮੀ ਜ਼ਿਆਦਾ ਪੈਣ ਲੱਗ ਪਈ ਸੀ ਪਰ ਇਸ ਸਭ ਦੇ ਚੱਲਦਿਆਂ ਸਰਕਾਰੀ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਆਪਣੀ ਕਥਿਤ ਮਰਜ਼ੀ ਦੇ ਚੱਲਦਿਆਂ ਡਿਊਟੀ ’ਤੇ ਨਿਰਧਾਰਤ ਸਮੇਂ ਦੀ ਬਜਾਏ ਲੇਟ ਪਹੁੰਚ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਸਬ-ਡਵੀਜ਼ਨ ਕੰਪਲੈਕਸ ਮਜੀਠਾ ਵਿਖੇ ਬਣੇ ਐੱਸ. ਡੀ. ਐੱਮ ਦਫਤਰ ਤੇ ਤਹਿਸੀਲਦਾਰ ਦਫਤਰ, ਪਟਵਾਰੀ ਦਫਤਰ, ਫਰਦ ਕੇਂਦਰ ਅਤੇ ਹੋਰ ਤਹਿਸੀਲ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਤਾਲੇ ਲੱਗੇ ਦਫਤਰਾਂ ਤੋਂ ਸਹਿਜੇ ਹੀ ਸਾਹਮਣੇ ਆਉਂਦੀ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮੁੱਖ ਮੰਤਰੀ ਮਾਨ ਨੇ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਨੂੰ ਸਮੇਂ ਸਿਰ ਆਪਣੀ ਡਿਊਟੀ 'ਤੇ ਆਉਣ ਦੇ ਆਦੇਸ਼ ਤਾਂ ਜਾਰੀ ਕੀਤੇ ਹੋਏ ਹਨ ਪਰ ਇਸਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਦਾਂ ਸਮੇਂ 'ਤੇ ਨਾ ਹਾਜ਼ਰ ਹੋਣਾ ਇਹੀ ਸਿੱਧ ਕਰਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ। 

ਇਥੇ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣਾਂ ਸਮਾਂ ਵੀ ਬਰਬਾਦ ਕਰਨਾ ਪੈ ਰਿਹਾ ਹੈ ਕਿਉਂਕਿ ਲੋਕ ਆਪਣੇ ਕੰਮ ਕਰਵਾਉਣ ਲਈ ਸਮੇਂ ਸਿਰ ਸਬ ਤਹਿਸੀਲ ਮਜੀਠਾ ਵਿਖੇ ਪਹੁੰਚ ਗਏ ਸਨ ਪਰ 8 ਵਜੇ ਤੱਕ ਨਾ ਤਾਂ ਐੱਸ.ਡੀ.ਐੱਮ ਦਫਤਰ ਤੇ ਨਾ ਹੀ ਤਹਿਸੀਲਦਾਰ ਸਮੇਤ ਹੋਰਨਾਂ ਕਰਮਚਾਰੀਆਂ ਦੇ ਦਫਤਰ ਖੁੱਲ੍ਹੇ ਮਿਲੇ। ਸਬ-ਡਿਵੀਜ਼ਨਲ ਕੰਪਲੈਕਸ ਮਜੀਠਾ ਜਿਥੇ ਉਕਤ ਸਾਰੇ ਦਫਤਰ ਸਥਿਤ ਹਨ, ਨੂੰ ਬਾਹਰੋਂ ਤਾਲਾ ਲੱਗਾ ਸੀ ਅਤੇ 8 ਵਜੇ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਟੀਮ ਅੰਦਰ ਗਈ ਤਾਂ ਸਿਰਫ 2 ਪਟਵਾਰੀ ਸਮੇਂ ਸਿਰ ਹਾਜ਼ਰ ਪਾਏ ਗਏ ਅਤੇ ਬਾਕੀ ਦਫਤਰ ਬੰਦ ਪਏ ਸਨ। ਇਸ ਦੌਰਾਨ ਤਹਿਸੀਲ ਵਿਚ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਕਾਰੋਬਾਰ ’ਤੇ ਜਾਣ ਤੋਂ ਪਹਿਲਾਂ ਕੰਮ ਕਰਵਾਉਣ ਲਈ ਆਏ ਸਨ ਪ੍ਰੰਤੂ ਇਥੇ ਸਰਕਾਰੀ ਅਧਿਕਾਰੀਆਂ ਦੇ ਅਜੇ ਤੱਕ ਨਾ ਆਉਣ ਕਰਕੇ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦਫਤਰਾਂ ਦੇ ਬੰਦ ਹੋਣ ਨਾਲ ਉਹ ਭਾਰੀ ਦੁਚਿੱਤੀ ਵਿਚ ਹਨ।

ਹੁਣ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਦਫਤਰਾਂ ਵਿਚ ਡਿਊਟੀ ’ਤੇ ਇਨ ਟਾਈਮ ਨਾ ਪਹੁੰਚਣ 'ਤੇ ਮੁਖ ਮੰਤਰੀ ਭਗਵੰਤ ਮਾਨ ਇਨ੍ਹਾਂ ਵਿਰੁੱਧ ਠੋਸ ਕਾਰਵਾਈ ਅਮਲ ਵਿਚ ਲਿਆਉਂਦੇ ਹਨ ਜਾਂ ਫਿਰ ਇਹ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਹੀ ਦਫਤਰਾਂ ਡਿਊਟੀ ਨਿਭਾਉਂਦੇ ਹੋਏ ਉਨ੍ਹਾਂ ਦੇ ਹੁਕਮਾਂ ਦੀਆਂ ਇੰਝ ਹੀ ਧੱਜੀਆਂ ਉਡਾਉਂਦੇ ਰਹਿਣਗੇ।

ਕੀ ਕਹਿਣਾ ਹੈ ਐੱਸ.ਡੀ.ਐੱਮ ਦਾ

ਉਧਰ, ਜਦੋਂ ਐੱਸ.ਡੀ.ਐੱਮ ਮਜੀਠਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਡੀਸ਼ਨਲ ਕਮਿਸ਼ਨਰ ਦਾ ਵੀ ਚਾਰਜ ਹੈ, ਜਿਸ ਤਹਿਤ ਉਹ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਉਥੇ ਬੈਠਦੇ ਹਨ ਅਤੇ ਮੰਗਲਵਾਰ ਤੇ ਵੀਰਵਾਰ ਮਜੀਠਾ ਤਹਿਸੀਲ ਵਿਚ ਬੈਠਦੇ ਹਨ। ਰਹੀ ਬਾਕੀ ਸਟਾਫ ਦੀ ਗੱਲ, ਅੱਧਾ ਸਟਾਫ ਮੇਰਾ ਅਜੈਬਵਾਲੀ ਪੁਲ ’ਤੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਗਿਆ ਹੋਇਆ ਹੈ।

ਕੀ ਕਹਿਣਾ ਹੈ ਤਹਿਸੀਲਦਾਰ ਦਾ

ਉਧਰ ਜਦੋਂ ਤਹਿਸੀਲਦਾਰ ਮਜੀਠਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਕੰਮ ਨਬੇੜ ਕੇ ਦਫਤਰ ਵਿਚ ਆਉਂਦੇ ਹਨ। ਜਦਕਿ ਉਨ੍ਹਾਂ ਦੋ ਕਰਮਚਾਰੀ ਟ੍ਰੇਨਿੰਗ 'ਤੇ ਗਏ ਹੋਏ ਹਨ ਅਤੇ ਬਾਕੀ ਗਿਰਦੌਰ ’ਤੇ ਕਾਨੂੰਨਗੋ ਫੀਲਡ ਵਿਚ ਨਿਸ਼ਾਨਦੇਹੀਆਂ ਲਈ ਗਏ ਹਨ। ਤਹਿਸੀਲਦਾਰ ਨੇ ਬਿਨਾਂ ਕੋਈ ਸਪੱਸ਼ਟ ਉੱਤਰ ਦਿੰਦਿਆਂ ਅੱਗੇ ਕਿਹਾ ਕਿ ਬਾਕੀ ਰਹੀ ਗੱਲ ਲੋਕਾਂ ਦੀ, ਉਹ ਇਸ ਸਬੰਧੀ ਲਿਖ ਕੇ ਤਹਿਸੀਲ ਕੰਪਲੈਕਸ ਵਿਚ ਬੋਰਡ ਲਗਵਾ ਦੇਣਗੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।


Gurminder Singh

Content Editor

Related News