CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਬਣਿਆ ਹਾਈਟੈੱਕ ਬਿਜਲੀ ਢਾਂਚੇ ਵਾਲਾ ਸੂਬਾ

Monday, Sep 02, 2024 - 04:32 PM (IST)

ਜਲੰਧਰ : ਕੋਈ ਸਮਾਂ ਸੀ ਜਦ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਸਵੇਰੇ 5.30 ਵਜੇ ਚਲੀ ਜਾਂਦੀ ਸੀ ਤੇ ਸ਼ਾਮ 7.00 ਵਜੇ ਆਉਂਦੀ ਸੀ। ਲੋਕ ਬਿਜਲੀ ਦਫਤਰਾਂ ਦੇ ਧੱਕੇ ਖਾ-ਖਾ ਕੇ ਅੱਕ ਜਾਂਦੇ ਸਨ ਤੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਸੀ ਪਰ ਹੁਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਭਾਵ ਪਾਵਰਕਾਮ ਇਕ ਸੁਪਰ ਹਾਈਟੈੱਕ ਕੰਪਨੀ ਬਣ ਗਈ ਹੈ, ਜੋ ਕਿ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਂ ਨਾਲ ਜਾਣੀ ਜਾਂਦੀ ਕੰਪਨੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਜਿਥੇ ਪਿੰਡਾਂ ਵਿਚ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ 24 ਘੰਟੇ ਹੋ ਰਹੀ ਹੈ, ਉਥੇ ਉਦਯੋਗਿਕ ਤੇ ਕਮਰਸ਼ੀਅਲ ਖਪਤਕਾਰਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ।

ਗੋਇੰਦਵਾਲ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਸਿਰਜਿਆ

ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਾਵਰ ਪਲਾਂਟ 1080 ਕਰੋੜ ’ਚ ਖਰੀਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ ਤੇ ਇਹ ਥਰਮਲ ਪਲਾਂਟਾਂ ਦੀ ਖਰੀਦ ਦੇ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਸਸਤਾ ਸੌਦਾ ਹੈ। ਜੀਵੀਕੇ ਥਰਮਲ ਪਲਾਂਟ ਦੇਸ਼ ਭਰ ’ਚੋਂ ਸਭ ਤੋਂ ਸਸਤੇ ਭਾਅ ’ਤੇ ਖਰੀਦਿਆ ਗਿਆ ਹੈ ਜਦੋਂ ਕਿ ਬਾਕੀ ਸੂਬਿਆਂ ’ਚ ਪਾਵਰ ਪਲਾਂਟ ਇਸ ਤੋਂ ਕਿਤੇ ਮਹਿੰਗੇ ਵਿਕੇ ਹਨ। ਮੁੱਖ ਮੰਤਰੀ ਮੁਤਾਬਕ ਪਛਵਾੜਾ ਕੋਲਾ ਖਾਣ ਦਾ ਕੋਲਾ ਵਰਤਣ ਨਾਲ ਇਸ ਪਲਾਂਟ ਤੋਂ ਬਿਜਲੀ ਸਸਤੀ ਪਵੇਗੀ। ਖ਼ਰੀਦ ਸਮਝੌਤੇ ਨਾਲ ਬਿਜਲੀ ਦੀ ਦਰ ਵਿਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਬਿਜਲੀ ਖ਼ਰੀਦ ਉਤੇ 300 ਤੋਂ 350 ਕਰੋੜ ਰੁਪਏ ਦੀ ਬੱਚਤ ਹੋਵੇਗੀ। ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਿਹਾਜ਼ ਨਾਲ ਖਰੀਦਿਆ ਹੈ। ਦੱਸਣਯੋਗ ਹੈ ਕਿ ਦੇਸ਼ ਵਿਚ 600 ਮੈਗਾਵਾਟ ਦੀ ਸਮਰੱਥਾ ਵਾਲਾ ਕੋਰਬਾ ਵੈਸਟ 1804 ਕਰੋੜ ’ਚ , ਝਾਬੂਆ ਪਾਵਰ 1910 ਕਰੋੜ ਵਿਚ ਅਤੇ ਲੈਂਕੋ ਅਮਰਕੰਟਕ ਪਾਵਰ ਪਲਾਂਟ 1818 ਕਰੋੜ ਰੁਪਏ ’ਚ ਖਰੀਦੇ ਗਏ ਹਨ ਜਦਕਿ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਥਰਮਲ ਸਿਰਫ 1080 ਕਰੋੜ ’ਚ ਖਰੀਦਿਆ ਹੈ ਜਦੋਂ ਕਿ ਮੁਕਾਬਲੇ ਵਿਚ ਨਾਮੀ 11 ਕੰਪਨੀਆਂ ਵਿਚ ਜਿੰਦਲ ਪਾਵਰ, ਅਡਾਨੀ ਪਾਵਰ, ਵੇਦਾਂਤਾ ਗਰੁੱਪ, ਰਸ਼ਮੀ ਮੇਟਾਲਿਕਸ, ਸ਼ੇਰੀਸ਼ਾ ਟੈਕਨਾਲੋਜੀਜ਼, ਸਾਈ ਵਰਧਾ ਪਾਵਰ ਆਦਿ ਸਨ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਉਤੇ ‘ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ’ ਹੋਵੇਗਾ। ਇਸ ਥਰਮਲ ਪਲਾਂਟ ਨੂੰ ਹੁਣ 75 ਤੋਂ 80 ਫੀਸਦੀ ਸਮਰੱਥਾ ਤੱਕ ਚਲਾਇਆ ਜਾਵੇਗਾ। ਬਿਜਲੀ ਖ਼ਰੀਦ ਸਮਝੌਤਿਆਂ ਵਿੱਚੋਂ ਵੀ ਹੁਣ 33 ਫੀਸਦੀ ਦੀ ਕਟੌਤੀ ਹੋ ਜਾਵੇਗੀ।

ਹੁਣ ਜਾਗ ਕੇ ਰਾਤਾਂ ਕੱਟਣ ਦੀ ਲੋੜ ਨਹੀਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਪਿਛਲੇ ਝੋਨੇ ਦੇ ਸੀਜ਼ਨ ਵਿਚ ਪਹਿਲੀ ਵਾਰ ਇਹ ਵੇਖਣ ਨੂੰ ਮਿਲਿਆ ਸੀ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ 8-8 ਘੰਟੇ ਦੀ ਥਾਂ 10-10, 12-12 ਘੰਟੇ ਹੋ ਰਹੀ ਹੈ ਅਤੇ ਉਹ ਵੀ ਦਿਨ ਵੇਲੇ। ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਹੈ ਕਿ ਹੁਣ ਜਾਗ ਕੇ ਰਾਤਾਂ ਕੱਟਣ ਦੀ ਲੋੜ ਨਹੀਂ ਬਲਕਿ ਦਿਨ ਵੇਲੇ ਮੋਟਰਾਂ ਚਲਾ ਕੇ ਖੇਤ ਭਰ ਲਓ ਅਤੇ ਰਾਤ ਨੂੰ ਆਰਾਮ ਦੀ ਨੀਂਦ ਸੌਂਵੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਵਿਚ ਕਿਸਾਨਾਂ ਨਾਲ ਕੀਤੇ ਇਕ ਇਕ ਵਾਅਦੇ ਨੂੰ ਪੁਗਾਇਆ ਹੈ। 

ਘਰ ਬੈਠੇ ਮੋਬਾਈਲ ਤੋਂ ਕਰੋ ਸ਼ਿਕਾਇਤ

ਉਂਝ ਤਾਂ ਪੰਜਾਬ ਵਿਚ ਬਿਜਲੀ ਦੀ ਕੋਈ ਤੋਟ ਨਹੀਂ ਹੈ ਪਰ ਜੇਕਰ ਕਿਸੇ ਤਕਨੀਕੀ ਨੁਕਸ ਕਾਰਨ ਤੁਹਾਡੇ ਇਲਾਕੇ ਵਿਚ ਬਿਜਲੀ ਜਾਂਦੀ ਹੈ ਤਾਂ ਹੁਣ ਲੋਕਾਂ ਨੂੰ ਆਪਣੇ ਵਾਹਨ ਚੁੱਕ ਕੇ ਬਿਜਲੀ ਦਫਤਰਾਂ ਵਿਚ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ। ਹੁਣ ਮੋਬਾਈਲ 'ਤੇ 1912 ਨੰਬਰ 'ਤੇ ਸ਼ਿਕਾਇਤ ਹੋ ਸਕਦੀ ਹੈ ਅਤੇ ਸ਼ਿਕਾਇਤ ਦਾ ਰਜਿਸਟਰੇਸ਼ਨ ਨੰਬਰ ਨਾਲ ਹੀ ਮੋਬਾਈਲ ਫੋਨ 'ਤੇ ਆ ਜਾਂਦਾ ਹੈ। ਇਸ ਮਗਰੋਂ ਜਦੋਂ ਪਾਵਰਕਾਮ ਦੇ ਤਕਨੀਕੀ ਮੁਲਾਜ਼ਮ ਤੁਹਾਡੀ ਬਿਜਲੀ ਸਪਲਾਈ ਬਹਾਲ ਕਰਦੇ ਹਨ ਤਾਂ ਫਿਰ ਮੈਸੇਜ ਆਉਂਦਾ ਹੈ ਕਿ ਤੁਹਾਡਾ ਬਿਜਲੀ ਸਪਲਾਈ ਦਾ ਨੁਕਸ ਠੀਕ ਕਰ ਦਿੱਤਾ ਗਿਆ ਹੈ। ਸਰਕਾਰੀ ਕੰਪਨੀ ਹੋਣ ਦੇ ਬਾਵਜੂਦ ਪਾਵਰਕਾਮ ਪ੍ਰਾਈਵੇਟ ਕੰਪਨੀਆਂ ਵਾਂਗ ਸੇਵਾਵਾਂ ਦੇ ਰਹੀ ਹੈ। ਇਥੇ ਹੀ ਬਸ ਨਹੀਂ ਬਲਕਿ ਝੋਨੇ ਦੇ ਸੀਜ਼ਨ ਵਿਚ ਸਰਕਾਰ ਨੇ ਜਿਹੜੇ ਸ਼ਿਕਾਇਤ ਕੇਂਦਰ ਸਥਾਪਿਤ ਕਰਨੇ ਹੁੰਦੇ ਹਨ, ਉਨ੍ਹਾਂ ਦੇ ਨੰਬਰ ਵੀ ਕਿਸਾਨਾਂ ਨਾਲ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਕੋਈ ਮੁਸ਼ਕਿਲ ਆਉਣ 'ਤੇ ਕਿਸਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ।

ਮੋਬਾਈਲ 'ਤੇ ਕਰੋ ਬਿੱਲਾਂ ਦੀ ਅਦਾਇਗੀ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਵਰਕਾਮ ਨੇ ਆਪਣੇ ਬਿਜਲੀ ਬਿੱਲਾਂ ਨੂੰ ਭਰਨ ਲਈ ਆਨਲਾਈਨ ਸਹੂਲਤ ਦਿੱਤੀ ਹੈ। ਇਸ ਤਹਿਤ ਖਪਤਕਾਰ ਨੂੰ ਜਿਥੇ ਪਾਵਰਕਾਮ ਦੀ ਵੈੱਬਸਾਈਟ 'ਤੇ ਜਾ ਕੇ ਬਿਜਲੀ ਬਿੱਲ ਭਰਨ ਦੀ ਸਹੂਲਤ ਦਿੱਤੀ ਹੈ, ਉਥੇ ਹੀ ਵੱਖ-ਵੱਖ ਪੇਮੈਂਟ ਕੰਪਨੀਆਂ ਜਿਵੇਂ ਪੇਟੀਐੱਮ, ਫੋਨਪੇਅ, ਗੁਗਲਪੇਅ ਸਮੇਤ ਹੋਰਨਾਂ ਨਾਲ ਤਾਲਮੇਲ ਕੀਤਾ ਗਿਆ ਹੈ ਤੇ ਹੁਣ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭਰਨ ਵਾਸਤੇ ਬਿਜਲੀ ਦਫਤਰਾਂ 'ਦੇ ਚੱਕਰ ਮਾਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਮੋਬਾਈਲ 'ਤੇ ਹੀ ਖਪਤਕਾਰ ਆਪਣਾ ਬਿਜਲੀ ਬਿੱਲ ਭਰ ਸਕਦਾ ਹੈ।


Gurminder Singh

Content Editor

Related News