ਸਦਨ ''ਚ ਲੋਕ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ''ਸ਼ਾਹੀ ਸਰਕਾਰ'' : ਭਗਵੰਤ ਮਾਨ

Tuesday, Aug 18, 2020 - 08:18 PM (IST)

ਸਦਨ ''ਚ ਲੋਕ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ''ਸ਼ਾਹੀ ਸਰਕਾਰ'' : ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ)–ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਸੱਦੇ ਪੰਜਾਬ ਵਿਧਾਨ ਸਭਾ ਦੇ ਚੰਦ ਘੰਟਿਆਂ ਦੇ ਇਜਲਾਸ 'ਤੇ ਅਮਰਿੰਦਰ ਸਿੰਘ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ 'ਫਾਰਮ ਹਾਊਸ' ਤੱਕ ਸਿਮਟੀ ਸ਼ਾਹੀ ਸਰਕਾਰ ਸਦਨ 'ਚ ਵੀ ਲੋਕ ਮੁੱਦਿਆਂ ਨੂੰ ਸੁਣਨ ਦੀ ਹਿੰਮਤ ਨਹੀਂ ਕਰ ਰਹੀ। ਇਥੇ ਜਾਰੀ ਇਕ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਨਸੂਨ ਇਜਲਾਸ ਸਹੀ ਅਰਥਾਂ 'ਚ ਇਕ ਦਿਨ ਦਾ ਨਹੀਂ ਸਗੋਂ ਪੰਜ ਘੰਟਿਆਂ ਦਾ ਹੈ।

ਭਗਵੰਤ ਮਾਨ ਅਨੁਸਾਰ ਇਨ੍ਹਾਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਲੋਕਾਂ ਅਤੇ ਲੋਕਤੰਤਰ ਦੇ ਹਿੱਤ ਉਦੋਂ ਹੀ ਕਿਉਂ ਯਾਦ ਆਉਂਦੇ ਹਨ, ਜਦ ਇਹ ਸੱਤਾ ਤੋਂ ਬਾਹਰ ਹੁੰਦੇ ਹਨ? 13 ਸਤੰਬਰ 2016 ਨੂੰ ਬਾਦਲਾਂ ਦੀ ਸਰਕਾਰ ਮੌਕੇ ਤੱਤਕਾਲੀ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦਾ ਸੈਸ਼ਨ ਛੋਟਾ ਰੱਖਣ ਦੇ ਵਿਰੋਧ 'ਚ ਸਦਨ ਦੇ ਅੰਦਰ ਹੀ ਧਰਨਾ ਲਾ ਦਿੱਤਾ ਸੀ ਅਤੇ ਉੱਥੇ ਹੀ ਰਾਤ ਕੱਟੀ ਸੀ। ਸੁਨੀਲ ਜਾਖੜ ਅਤੇ ਚਰਨਜੀਤ ਸਿੰਘ ਚੰਨੀ ਆਦਿ ਕਾਂਗਰਸੀ ਆਗੂ ਇਸ 'ਡਰਾਮੇ' 'ਚ ਸ਼ਾਮਲ ਸਨ। ਕੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਸਰਕਾਰ ਕੋਲੋਂ 5 ਘੰਟਿਆਂ ਦਾ ਮਾਨਸੂਨ ਸੈਸ਼ਨ ਸੱਦ ਕੇ ਲੋਕਾਂ ਅਤੇ ਲੋਕਤੰਤਰ ਦੇ ਉਡਾਏ ਜਾ ਰਹੇ ਮਜ਼ਾਕ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇ. ਪੀ. ਸਿੰਘ ਕੋਲੋਂ ਜਵਾਬ ਮੰਗਣਗੇ? ਜਾਂ ਫਿਰ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਲਗਾਉਣ ਲਈ ਕਹਿਣਗੇ?

ਭਗਵੰਤ ਮਾਨ ਨੇ ਕਿਹਾ ਕਿ ਅੱਜ ਜ਼ਹਿਰੀਲੀ ਸ਼ਰਾਬ ਅਤੇ ਸ਼ਰਾਬ ਮਾਫ਼ੀਆ, ਲੈਂਡ ਅਤੇ ਸੈਂਡ ਮਾਫ਼ੀਆ ਪੰਜਾਬ ਦੇ ਪਾਣੀ ਦਾ ਸੰਕਟ ਅਤੇ ਐੱਸ. ਵਾਈ. ਐੱਲ., ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਸੋਧ ਬਿਲ-2020 ਅਤੇ ਆਹਲੂਵਾਲੀਆ ਕਮੇਟੀ ਵਰਗੇ ਸੈਂਕੜੇ ਭਖਵੇਂ ਮੁੱਦਿਆਂ ਅਤੇ ਚੁਣੌਤੀਆਂ ਹਨ, ਜਿਨ੍ਹਾਂ ਬਾਰੇ ਬਹਿਸ ਲਈ ਸਿਰਫ਼ ਵਿਧਾਨ ਸਭਾ ਦਾ ਸਦਨ ਹੀ ਸਹੀ ਸਥਾਨ ਹੈ ਪਰ ਕਾਂਗਰਸ ਸਰਕਾਰ ਨੇ ਖ਼ੁਦ ਨੂੰ 'ਮਾਫ਼ੀਆ ਰਾਜ' ਦੇ ਹਵਾਲੇ ਕਰਕੇ ਲੋਕਤੰਤਰ ਅਤੇ ਲੋਕ ਮੁੱਦਿਆਂ ਤੋਂ ਮੂੰਹ ਮੋੜ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਰਾਜਾ ਸਾਹਿਬ ਫਾਰਮ ਹਾਊਸ 'ਚੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਇਜਲਾਸ ਵੀ ਫਾਰਮ ਹਾਊਸ 'ਤੇ ਹੀ ਕਿਉਂ ਨਹੀਂ ਸੱਦ ਲੈਂਦੇ? ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ 'ਸ਼ਾਹੀ ਸਰਕਾਰ' ਸਦਨ 'ਚ ਲੋਕ ਮੁੱਦਿਆਂ 'ਤੇ ਵਿਚਾਰ ਚਰਚਾ ਦਾ ਸਮਾਂ ਨਹੀਂ ਵਧਾਉਂਦੀ ਤਾਂ ਮੁੱਖ ਮੰਤਰੀ ਨੂੰ ਫਾਰਮ ਹਾਊਸ 'ਚੋਂ ਕੱਢਣ ਲਈ ਫਿਰ ਤੋਂ ਫਾਰਮ ਹਾਊਸ ਘੇਰਿਆ ਜਾਵੇਗਾ।


author

Deepak Kumar

Content Editor

Related News