ਜਾਣੋ ਕੌਣ ਹਨ ਭਗਵੰਤ ਮਾਨ ਦੀ ਵਜ਼ਾਰਤ ’ਚ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੌਰ

Saturday, Mar 19, 2022 - 08:44 PM (IST)

ਜਾਣੋ ਕੌਣ ਹਨ ਭਗਵੰਤ ਮਾਨ ਦੀ ਵਜ਼ਾਰਤ ’ਚ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੌਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਵਿਚ ਮੁਕਤਸਰ ਇਲਾਕੇ ਦੀ ਪ੍ਰਸਿੱਧ ਅੱਖਾਂ ਦੀ ਮਾਹਿਰ ਡਾਕਟਰ ਬਲਜੀਤ ਕੌਰ ਨੂੰ ਕੈਬਨਿਟ ਵਿਚ ਥਾਂ ਮਿਲਣ ਤੋਂ ਬਾਅਦ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਡਾ. ਬਲਜੀਤ ਕੌਰ ਨੇ ਡਾਕਟਰ ਤੋਂ ਮੰਤਰੀ ਤੱਕ ਦਾ ਸਫਰ ਤੈਅ ਕੀਤਾ ਹੈ। ਉਹ 18 ਸਾਲਾਂ ਤੋਂ ਸਰਕਾਰੀ ਡਾਕਟਰ ਸੀ ਅਤੇ ਹੁਣ ਭਗਵੰਤ ਮਾਨ ਦੀ ਕੈਬਨਿਟ ਵਿਚ ਮੰਤਰੀ ਬਣ ਗਏ ਹਨ। ਉਹ ਪਹਿਲੀ ਵਾਰ ਵਿਧਾਇਕ ਬਣੇ ਹਨ। ਡਾ. ਬਲਜੀਤ ਕੌਰ ਕੁਝ ਸਮਾਂ ਪਹਿਲਾਂ ਹੀ ਸਰਕਾਰੀ ਨੌਕਰੀ ਛੱਡ ਕੇ ‘ਆਪ’ ’ਚ ਸ਼ਾਮਿਲ ਹੋਏ ਸਨ। ਉਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ (ਰਿਜ਼ਰਵ) ਵਿਧਾਨ ਸਭਾ ਹਲਕੇ ਤੋਂ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੀ। ਡਾ. ਬਲਜੀਤ ਕੌਰ ਨੂੰ ਸਿਆਸਤ ਵਿਰਸੇ ਵਿਚ ਮਿਲੀ ਹੈ। ਉਹ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਉਹ ਸਾਧੂ ਸਿੰਘ ਦੀ ਬੇਟੀ ਹੈ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਚਾਰ ਗ੍ਰਿਫ਼ਤਾਰ, ਸਾਹਮਣੇ ਆਇਆ ਕਤਲ ਦਾ ਪੂਰਾ ਸੱਚ

ਕਰੀਬ ਦਸ ਸਾਲ ਉਹ ਜ਼ਿਲ੍ਹਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਨੌਕਰੀ ਕਰ ਚੁੱਕੇ ਹਨ। ਡਾ. ਬਲਜੀਤ ਕੌਰ ਆਈ ਸਰਜਨ ਹਨ ਅਤੇ ਆਪਣੇ ਕੰਮ ਕਰਕੇ ਇਸ ਖੇਤਰ ਵਿਚ ਚੰਗਾ ਨਾਮ ਕਮਾਇਆ ਹੈ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਉਹ ਵੱਖ-ਵੱਖ ਪਿੰਡਾਂ ’ਚ ਮਰੀਜ਼ਾਂ ਦੀਆਂ ਅੱਖਾਂ ਦੇਖ ਕੇ ਉਨ੍ਹਾਂ ਦਾ ਇਲਾਜ ਕਰਦੇ ਸਨ। ਡਾ. ਬਲਜੀਤ ਕੌਰ (47) ਮੂਲ ਰੂਪ ਵਿਚ ਫਰੀਦਕੋਟ ਦੀ ਵਸਨੀਕ ਹੈ ਅਤੇ 1 ਜਨਵਰੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਸੀ। ਹਾਲਾਂਕਿ ਪਿਛਲੇ ਸਾਲ ਅਗਸਤ ’ਚ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਤਿੰਨ ਮਹੀਨਿਆਂ ਦੇ ਨੋਟਿਸ ’ਤੇ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ। ਉਸਦਾ ਪਤੀ ਵੀ ਸਰਕਾਰੀ ਨੌਕਰੀ ਵਿਚ ਹੈ ਅਤੇ ਐਕਸੀਅਨ ਵਜੋਂ ਤਾਇਨਾਤ ਹੈ। ਉਸਦੀ ਪੋਸਟਿੰਗ ਕੋਟਕਪੂਰਾ ਵਿਚ ਹੈ। ਉਨ੍ਹਾਂ ਦੀਆਂ ਦੋ ਧੀਆਂ ਨਵਨੀਤ ਕੌਰ ਅਤੇ ਰਿਆਦੀਪ ਕੌਰ ਹਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਪ੍ਰੋ. ਬਲਜਿੰਦਰ ਕੌਰ ਦਾ ਵੱਡਾ ਬਿਆਨ

ਡਾ. ਬਲਜੀਤ ਕੌਰ ਨੇ ਆਪਣੀ ਨੌਕਰੀ ਦੌਰਾਨ 17 ਹਜ਼ਾਰ ਤੋਂ ਵੱਧ ਲੋਕਾਂ ਦੇ ਆਪ੍ਰੇਸ਼ਨ ਕੀਤੇ ਹਨ। ਵੋਟਿੰਗ ਤੋਂ ਬਾਅਦ ਉਹ ਮੁੜ ਤੋਂ ਮੁਕਤਸਰ ’ਚ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ’ਚ ਜੁਟ ਗਈ ਹੈ ਅਤੇ ਇਕ ਸਮਾਜਿਕ ਸੰਸਥਾ ਦੇ ਚੈਰੀਟੇਬਲ ਹਸਪਤਾਲ ’ਚ ਮਰੀਜ਼ਾਂ ਦੀਆਂ ਅੱਖਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਮੰਤਰੀ ਦੇ ਅਹੁਦੇ ਲਈ ਚੁਣੇ ਜਾਣ ’ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਸ ਵੀ ਵਿਭਾਗ ਦੀ ਜ਼ਿੰਮੇਵਾਰੀ ਮਿਲੇਗੀ ਅਤੇ ਉਹ ਇਸ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਆਪਣੇ ਸਮਾਜ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News