ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ, ਕਾਂਗਰਸ ਪੱਖੀ ਹਮਦਰਦੀ ਲਹਿਰ ਕਿਤੇ ਨਹੀਂ : ਹਰਪਾਲ ਚੀਮਾ
Saturday, May 06, 2023 - 11:17 AM (IST)
ਜਲੰਧਰ (ਧਵਨ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਸੀਟ ਦੀ ਹੋਣ ਜਾ ਰਹੀ ਉਪ-ਚੋਣ ਵਿਚ ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ ਅਤੇ ਜਨਤਾ ਸਰਕਾਰ ਦੀ ਇਕ ਸਾਲ ਦੀ ਬਿਹਤਰੀਨ ਕਾਰਗੁਜ਼ਾਰੀ ਨੂੰ ਆਧਾਰ ਮੰਨਦੇ ਹੋਏ ਆਮ ਆਦਮੀ ਪਾਰਟੀ ਦੇ ਪੱਖ ’ਚ ਵੋਟ ਪਾਏਗੀ। ਚੀਮਾ ਨੇ ਕਿਹਾ ਕਿ ਜਲੰਧਰ ਸੀਟ ’ਤੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਹੈ ਪਰ ਕਾਂਗਰਸ ਵੀ ਮੁਕਾਬਲੇ ਵਿਚ ਪੱਛੜ ਗਈ ਹੈ ਕਿਉਂਕਿ ਉਸ ਦੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਕਾਰਨਾਮੇ ਜਨਤਾ ਦੇ ਸਾਹਮਣੇ ਹਨ।ਸਾਬਕਾ ਸਰਕਾਰ ਦੇ ਕਾਰਜਕਾਲ ਵਿਚ ਡੱਟ ਕੇ ਭ੍ਰਿਸ਼ਟਾਚਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੱਖ ਵਿਚ ਕੋਈ ਹਮਦਰਦੀ ਦੀ ਲਹਿਰ ਨਹੀਂ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਮਿਹਨਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਾ ਲਈ ਕੀਤੇ ਗਏ ਕੰਮਾਂ ਦੇ ਆਧਾਰ ’ਤੇ ‘ਆਪ’ ਦੇ ਪੱਖ ਵਿਚ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬੇਮਿਸਾਲ,ਭਗਵੰਤ ਮਾਨ ਨੂੰ ਦੱਸਿਆ ਬਿਹਤਰੀਨ ਮੁੱਖ ਮੰਤਰੀ : ਕੇਜਰੀਵਾਲ
ਉਨ੍ਹਾਂ ਕਿਹਾ ਕਿ ਨਾ ਸਿਰਫ ਸ਼ਹਿਰੀ ਖੇਤਰਾਂ ਸਗੋਂ ਪੇਂਡੂ ਖੇਤਰਾਂ ਵਿਚ ਵੀ ਆਮ ਆਦਮੀ ਪਾਰਟੀ ਨੂੰ ਪੂਰਾ ਰਿਸਪਾਂਸ ਮਿਲ ਰਿਹਾ ਹੈ। ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਜਿਸ ਤਰ੍ਹਾਂ ਹਮਲਾ ਬੋਲਿਆ ਹੈ, ਉਸ ਨੂੰ ਵੇਖਦੇ ਹੋਏ ਜਨਤਾ ਵੀ ਸਾਡਾ ਸਾਥ ਦੇਵੇਗੀ ਕਿਉਂਕਿ ਭ੍ਰਿਸ਼ਟਾਚਾਰ ਤੋਂ ਸਾਰੇ ਦੁਖੀ ਸਨ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਕਾਰਨਾਮੇ ਜਨਤਾ ਦੇ ਸਾਹਮਣੇ ਹਨ ਅਤੇ ਹੁਣ ਜਨਤਾ ਉਸ ਨੂੰ ਸਬਕ ਸਿਖਾਏਗੀ। ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਹੈ ਜਿਸ ਨੇ ਪਹਿਲਾਂ ਵੀ ਕਿਸਾਨਾਂ ਦੇ ਕਾਲੇ ਕਨੂੰਨ ਬਣਾਏ ਸਨ ਅਤੇ ਕਿਸਾਨਾਂ ਨੇ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਸਬਕ ਸਿਖਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਕੋਈ ਜਨ ਆਧਾਰ ਨਹੀਂ ਹੈ। ਭਾਜਪਾ ਨੇ ਭਾਵੇਂ ਕੇਂਦਰੀ ਮੰਤਰੀਆਂ ਦੀ ਫੌਜ ਉਤਾਰੀ ਹੋਈ ਹੈ ਪਰ ਇਸ ਦਾ ਉਸ ਨੂੰ ਕੋਈ ਫਾਇਦਾ ਮਿਲਣ ਵਾਲਾ ਨਹੀਂ।
ਇਹ ਵੀ ਪੜ੍ਹੋ : ਦਿੱਲੀ ਦੇ ਭਾਜਪਾ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਤੋਂ ਲੈ ਕੇ ਜੰਤਰ-ਮੰਤਰ ਪ੍ਰਦਰਸ਼ਨ ਤਕ ’ਤੇ ਦਿੱਤੇ ਬੇਬਾਕੀ ਨਾਲ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।