ਪੰਜਾਬ ''ਚ ਮੈਡੀਕਲ ਕਾਲਜ ਖੋਲ੍ਹਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
Monday, Nov 28, 2022 - 05:52 AM (IST)
ਚੰਡੀਗੜ੍ਹ/ਜਲੰਧਰ/ਹੁਸ਼ਿਆਰਪੁਰ/ਕਪੂਰਥਲਾ (ਅਸ਼ਵਨੀ, ਧਵਨ, ਘੁੰਮਣ, ਮਹਾਜਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਜਿਸ ਨਾਲ ਸੂਬੇ ਵਿਚ ਮੈਡੀਕਲ ਖੇਤਰ ਵਿਚ ਨਵੀਂ ਕ੍ਰਾਂਤੀ ਆਵੇਗੀ। ਮੁੱਖ ਮੰਤਰੀ ਨੇ ਐਤਵਾਰ ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਪ੍ਰਸਤਾਵਿਤ ਨਵੇਂ ਮੈਡੀਕਲ ਕਾਲਜਾਂ ਦੇ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੁੱਖ ਮੰਤਰੀ ਦੇ ਪ੍ਰਿੰਸੀਪਲ ਚੀਫ਼ ਸੈਕਟਰੀ ਏ. ਵੇਨੂੰਪ੍ਰਸਾਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਮੈਡੀਕਲ ਸਥਾਨਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਸੂਬੇ ਵਿਚ ਇਸ ਸਮੇਂ 9 ਮੈਡੀਕਲ ਕਾਲਜ ਹਨ ਅਤੇ ਅਗਲੇ ਕੁਝ ਸਾਲਾਂ ਵਿਚ 16 ਨਵੇਂ ਮੈਡੀਕਲ ਕਾਲਜ ਖੁੱਲ੍ਹਣ ਤੋਂ ਬਾਅਦ ਪੰਜਾਬ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ ਵਧ ਕੇ 25 ਹੋ ਜਾਵੇਗੀ। ਪੰਜਾਬ ਵਿਚ ਇਸ ਸਮੇਂ 23 ਜ਼ਿਲ੍ਹੇ ਹਨ ਅਤੇ ਇਸ ਹਿਸਾਬ ਨਾਲ ਹਰ ਜ਼ਿਲ੍ਹੇ ਨਾਲ ਕੋਈ ਨਾ ਕੋਈ ਮੈਡੀਕਲ ਕਾਲਜ ਸਬੰਧ ਰੱਖਦਾ ਹੋਵੇਗਾ।
ਇਹ ਵੀ ਪੜ੍ਹੋ : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ: ਸ੍ਰੀ ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ 'ਚ ਆਉਣ ਕਾਰਨ 3 ਬੱਚਿਆਂ ਦੀ ਮੌਤ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵਿਚਾਰ ਯੂਕ੍ਰੇਨ ਵਿਚ ਜੰਗ ਕਾਰਨ ਪੈਦਾ ਹੋਏ ਸੰਕਟ ਤੋਂ ਆਇਆ ਕਿਉਂਕਿ ਆਜ਼ਾਦੀ ਦੇ ਕਈ ਸਾਲਾਂ ਬਾਅਦ ਵੀ ਸਾਡੇ ਵਿਦਿਆਰਥੀਆਂ ਨੂੰ ਯੂਕ੍ਰੇਨ ’ਚ ਮੈਡੀਕਲ ਸਿੱਖਿਆ ਲੈ ਲਈ ਜਾਣਾ ਪੈ ਰਿਹਾ ਸੀ ਕਿਉਂਕਿ ਸਾਡੇ ਦੇਸ਼ ਵਿਚ ਮੈਡੀਕਲ ਸਿੱਖਿਆ ਲੈਣ ਲਈ ਮੈਨੇਜਮੈਂਟ ਕੋਟੇ ਸਮੇਤ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਵਿਦਿਆਰਥੀਆਂ ਨੂੰ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਸਸਤੀ ਸਿੱਖਿਆ ਲੈਣ ਲਈ ਯੂਕ੍ਰੇਨ ਜਾ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਪੂਰਥਲਾ, ਸੰਗਰੂਰ ਦੇ ਮਸਤੂਆਣਾ ਸਾਹਿਬ ਅਤੇ ਹੁਸ਼ਿਆਰਪੁਰ ਵਿਖੇ ਤਿੰਨ ਮੈਡੀਕਲ ਕਾਲਜਾਂ ’ਤੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਸੱਤਾ ’ਚ ਆਉਣ ਤੋਂ ਪਹਿਲਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ’ਤੇ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕਪੂਰਥਲਾ ਵਿਚ 20 ਏਕੜ ਜ਼ਮੀਨ ’ਤੇ ਮੈਡੀਕਲ ਕਾਲਜ ਦਾ ਨਿਰਮਾਣ ਕੀਤਾ ਜਾਵੇਗਾ। ਮੈਡੀਕਲ ਕਾਲਜ ਦੇ ਨਾਲ 300 ਬਿਸਤਰਿਆਂ ਦੇ ਹਸਪਤਾਲ ਦੀ ਵੀ ਜ਼ਰੂਰਤ ਪਵੇਗੀ ਕਿਉਂਕਿ ਡਾਕਟਰਾਂ ਨੂੰ ਟ੍ਰੇਨਿੰਗ ਲਈ ਹਸਪਤਾਲ ’ਚ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਕੇ ਮੈਡੀਕਲ ਕਾਲਜ ਨਾਲ ਜੋੜਿਆ ਜਾਵੇਗਾ ਤਾਂ ਕਿ ਡਾਕਟਰ ਇਥੇ ਪ੍ਰੈਕਟਿਸ ਕਰ ਸਕਣ।
ਇਹ ਵੀ ਪੜ੍ਹੋ : ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।