ਜਲੰਧਰ 'ਚ 'CM ਦੀ ਯੋਗਸ਼ਾਲਾ' ਦੀ ਸ਼ੁਰੂਆਤ, ਇਕ ਮਿਸ ਕਾਲ 'ਤੇ ਮਿਲੇਗਾ Yoga Teacher

Tuesday, Jun 20, 2023 - 08:47 AM (IST)

ਜਲੰਧਰ 'ਚ 'CM ਦੀ ਯੋਗਸ਼ਾਲਾ' ਦੀ ਸ਼ੁਰੂਆਤ, ਇਕ ਮਿਸ ਕਾਲ 'ਤੇ ਮਿਲੇਗਾ Yoga Teacher

ਜਲੰਧਰ (ਬਿਊਰੋ) - 'ਸੀ.ਐੱਮ. ਦੀ ਯੋਗਸ਼ਾਲਾ’ ਨੂੰ ਲੋਕ ਲਹਿਰ ਵਿੱਚ ਬਦਲਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤਮੰਦ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬੇ ਦੀ ਸਿਰਜਣਾ ਲਈ ਸੂਬੇ ਦੇ 50,000 ਤੋਂ ਵੱਧ ਲੋਕਾਂ ਨੂੰ ਯੋਗ ਕਰਵਾਉਣ ਲਈ ਅਗਵਾਈ ਕੀਤੀ। ਅੱਜ ਇੱਥੇ ਪੀ.ਏ.ਪੀ. ਗਰਾਊਂਡ ਵਿਖੇ ‘ਸੀ.ਐੱਮ. ਦੀ ਯੋਗਸ਼ਾਲਾ’ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਸਿਹਤ ਖੇਤਰ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਣਾ ਹੈ।"

PunjabKesari

ਇਸ ਸਮਾਗਮ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ‘ਸੀ.ਐੱਮ. ਦੀ ਯੋਗਸ਼ਾਲਾ’ ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਬਹੁਤ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਿਹਤਮੰਦ ਅਤੇ ਪੁਰਾਤਨ ਸ਼ਾਨ ਵਾਲਾ ਸੂਬਾ ਹੋਣ ਦਾ ਮਾਣ ਮੁੜ ਹਾਸਲ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਾਂਗ ਇਹ ਕੋਈ ਸਿਆਸੀ ਸਮਾਗਮ ਨਹੀਂ ਰਚਿਆ ਗਿਆ, ਸਗੋਂ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਬਾਰੇ ਪ੍ਰੇਰਿਤ ਕਰਕੇ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣਾ ਹੈ।

ਇਹ ਵੀ ਪੜ੍ਹੋ: ਮੈਰੀ ਮਿਲਬੇਨ ਅਮਰੀਕਾ 'ਚ PM ਮੋਦੀ ਦੇ ਪ੍ਰੋਗਰਾਮਾਂ 'ਚ ਕਰੇਗੀ ਪਰਫਾਰਮ, ਅਦਾਕਾਰਾ ਨੇ ਜਤਾਈ ਖੁਸ਼ੀ

 

ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ... ਆਓ ਸਾਰੇ ਰਲ਼ ਕੇ ਪੰਜਾਬ ਨੂੰ ਤੰਦਰੁਸਤ ਤੇ ਸਿਹਤਮੰਦ ਪੰਜਾਬ ਬਣਾਈਏ... ਸਾਡੀ ਸਰਕਾਰ ਦਾ ਉਪਰਾਲਾ, CM ਦੀ ਯੋਗਸ਼ਾਲਾ... ਜਲੰਧਰ ਤੋਂ Live https://t.co/AEVBHI3L4D

— Bhagwant Mann (@BhagwantMann) June 20, 2023

ਮੁੱਖ ਮੰਤਰੀ ਨੇ ਕਿਹਾ ਕਿ ‘ਸੀ.ਐੱਮ. ਦੀ ਯੋਗਸ਼ਾਲਾ’ ਨਾਗਰਿਕ ਕੇਂਦਰਿਤ ਉਪਰਾਲਾ ਹੈ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਮਾਗ ਦੀ ਉਪਜ ਹੈ ਅਤੇ ਕੌਮੀ ਰਾਜਧਾਨੀ ਵਿੱਚ ਇਸ ਨੇ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲੋਕ-ਪੱਖੀ ਪਹਿਲਕਦਮੀ ਤੋਂ ਕੌਮੀ ਰਾਜਧਾਨੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਨੇ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕੀਤਾ ਤਾਂ ਜੋ ਪੰਜਾਬੀਆਂ ਨੂੰ ਵੀ ਇਸ ਦਾ ਵੱਡਾ ਲਾਭ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਯੋਗ ਸਿਖਲਾਈ ਲਈ ਲੋਕ ਟੋਲ ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in 'ਤੇ ਜਾ ਕੇ ਇਹ ਸੇਵਾ ਪ੍ਰਾਪਤ ਕਰ ਸਕਦੇ ਹਨ ਅਤੇ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਲੋਕਾਂ ਨੂੰ ਯੋਗਾ ਬਾਰੇ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤ ਦੀ ਸ਼ਾਨਦਾਰ ਪ੍ਰਾਚੀਨ ਪਰੰਪਰਾ ਦੇ ਅਨੁਸਾਰ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣ ਵਿੱਚ ਸਹਾਈ ਹੋਣਗੀਆਂ।ਭਗਵੰਤ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਉਚ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ 'ਤੇ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦੇਣਗੇ।

PunjabKesari

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਦੀ ਗੰਦੀ ਕਰਤੂਤ, ਮਸਾਜ ਪਾਰਲਰ 'ਚ ਕੁੜੀਆਂ ਨਾਲ ਕਰਦਾ ਸੀ ਜਬਰ-ਜ਼ਿਨਾਹ, ਮਿਲੀ ਸਖ਼ਤ ਸਜ਼ਾ

ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਢਲਾ ਮੰਤਵ ਪੰਜਾਬ ਨੂੰ ਸਿਹਤਮੰਦ, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਲੋਕ ਲਹਿਰ ਸ਼ੁਰੂ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਅਤੇ ਤੰਦਰੁਸਤ ਦਿਮਾਗ ਲਈ ਯੋਗਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਰਹਿਣ ਲਈ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਲੋਕਾਂ ਵਿੱਚ ਯੋਗ ਅਭਿਆਸ ਕਰਕੇ ਚੰਗੀ ਸਿਹਤ ਯਕੀਨੀ ਬਣਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। 

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ਼ ਚੰਗੀ ਸਿਹਤ ਬਣਾਈ ਰੱਖੀ ਜਾਵੇ ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਵੀ ਮੁਕਤ ਕੀਤਾ ਜਾਵੇ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵਧ ਰਿਹਾ ਤਣਾਅ ਹਰ ਕਿਸੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗ ਅਭਿਆਸ ਰਾਹੀਂ ਚੰਗਾ ਜੀਵਨ ਬਤੀਤ ਕਰਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਡਾ: ਬਲਬੀਰ ਸਿੰਘ ਅਤੇ ਬ੍ਰਮ ਸ਼ੰਕਰ ਜਿੰਪਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂਪ੍ਰਸਾਦ ਅਤੇ ਹੋਰ ਵੀ ਹਾਜ਼ਰ ਸਨ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News