ਕਾਂਗਰਸ ''ਚ ਜਾਣ ਦੀਆਂ ਅਟਕਲਾਂ ''ਤੇ ਵਿਰਾਮ, ''ਝਾੜੂ'' ਤੋਂ ਲੜਨਗੇ ''ਭਗਵੰਤ ਮਾਨ''
Thursday, Oct 18, 2018 - 06:45 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਕਾਂਗਰਸ 'ਚ ਜਾਣ ਦੀਆਂ ਸਾਰੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ ਕਿਉਂਕਿ ਪਾਰਟੀ ਵਲੋਂ ਸਾਲ 2019 ਦੌਰਾਨ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਗਵੰਤ ਮਾਨ ਦਾ ਨਾਂ ਫਾਈਨਲ ਕਰ ਲਿਆ ਗਿਆ। ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਬਾਰੇ ਅੰਤਿਮ ਫੈਸਲਾ ਲੈ ਲਿਆ ਹੈ।ਇਨ੍ਹਾਂ ਉਮੀਦਵਾਰਾਂ 'ਚ ਭਗਵੰਤ ਮਾਨ ਤੇ ਸਾਧੂ ਸਿੰਘ ਆਪਣੇ ਉਨ੍ਹਾਂ ਹੀ ਹਲਕਿਆਂ ਮਤਲਬ ਕਿ ਸੰਗਰੂਰ ਅਤੇ ਫਰੀਦਕੋਟ ਤੋਂ ਚੋਣ ਲੜਨਗੇ, ਜਿੱਥੋਂ ਦੇ ਉਹ ਸੰਸਦ ਮੈਂਬਰ ਹਨ।
ਬਾਕੀ ਦੇ ਤਿੰਨ ਉਮੀਦਵਾਰਾਂ ਦੇ ਨਾਵਾਂ ਨੂੰ ਅਜੇ ਜ਼ਾਹਰ ਨਹੀਂ ਕੀਤਾ ਗਿਆ ਹੈ। ਇਸ ਬਾਰੇ ਦੱਸਦਿਆਂ ਪਾਰਟੀ ਦੀ ਕੋਰ ਕਮੇਟੀ ਦੇ ਮੁਖੀ ਅਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ 5 ਉਮੀਦਵਾਰ ਚੁਣ ਲਏ ਗਏ ਹਨ ਪਰ ਅਜੇ ਉਨ੍ਹਾਂ ਦੇ ਨਾਂਅ ਜ਼ਾਹਰ ਨਹੀਂ ਕੀਤੇ ਜਾ ਸਕਦੇ ਪਰ ਭਗਵੰਤ ਮਾਨ ਤੇ ਸਾਧੂ ਸਿੰਘ ਆਪੋ-ਆਪਣਿਆਂ ਹਲਕਿਆਂ ਤੋਂ ਹੀ ਚੋਣ ਲੜਨਗੇ। ਪਾਰਟੀ ਦੇ ਸੂਤਰਾਂ ਮੁਤਾਬਕ ਸਾਰੇ 13 ਉਮੀਦਵਾਰਾਂ ਦਾ ਐਲਾਨ ਇਕ ਮਹੀਨੇ ਦੇ ਅੰਦਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਗਰੂਰ ਦੇ ਜੰਮਪਲ ਹਨ ਅਤੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਇਸ ਹਲਕੇ 'ਚ ਕੰਮ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪਾਰਟੀ ਦਾ ਇਹ ਫੈਸਲਾ ਪ੍ਰਵਾਨ ਹੈ।