ਭਗਵੰਤ ਮਾਨ ਨੇ ਪਾਰਲੀਮੈਂਟ ''ਚ ਚੱਕੇ ਫੱਟੇ, ਹਰਸਿਮਰਤ ਨਾਲ ਲੈ ਲਿਆ ਪੰਗਾ!
Friday, Mar 13, 2020 - 09:48 AM (IST)
ਚੰਡੀਗੜ੍ਹ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਬਾਦਲਾਂ ਦੀਆਂ ਬੱਸਾਂ 'ਤੇ ਗੇਅਰ ਅੜਾਉਂਦੇ ਹੋਏ ਫੱਟੇ ਚੱਕ ਦਿੱਤੇ, ਜਿਸ ਨੂੰ ਦੇਖ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪਾਰਾ ਚੜ੍ਹ ਗਿਆ ਅਤੇ ਇਸ ਦੌਰਾਨ ਦੋਹਾਂ ਵਿਚਕਾਰ ਤਿੱਖੀ ਬਹਿਸ ਛਿੜ ਗਈ, ਜਿਸ ਤੋਂ ਬਾਅਦ ਸਪੀਕਰ ਸਾਹਿਬ ਨੂੰ ਇਹ ਮਾਮਲਾ ਸ਼ਾਂਤ ਕਰਾਉਣਾ ਪਿਆ। ਅਸਲ 'ਚ ਭਗਵੰਤ ਮਾਨ ਪੂਰੇ ਮਾਲਵੇ ਨੂੰ ਚੰਡੀਗੜ੍ਹ ਨਾਲ ਸਿੱਧਾ ਜੋੜਨ ਵਾਲੀ ਰੇਲਗੱਡੀ ਚਲਾਉਣ ਬਾਰੇ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਕਹਿ ਦਿੱਤਾ ਕਿ ਇਸ ਰੇਲਗੱਡੀ ਦੇ ਚੱਲਣ ਕਾਰਨ ਬਾਦਲਾਂ ਦੀਆਂ ਬੱਸਾਂ ਨੂੰ ਘਾਟਾ ਪੈ ਜਾਵੇਗਾ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੂੰ ਗੁੱਸਾ ਆ ਗਿਆ ਅਤੇ ਭਗਵੰਤ ਮਾਨ ਅਤੇ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ।
ਭਗਵੰਤ ਮਾਨ ਨੇ ਪਾਰਲੀਮੈਂਟ 'ਚ ਅਕਾਲੀ ਦਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਪੰਜਾਬ ਦੀ ਰੇਤਾ, ਕੇਬਲ ਅਤੇ ਜਵਾਨੀ ਖਾ ਗਏ ਹਨ ਅਤੇ ਪੰਜਾਬ ਦੇ ਹਿੱਤ ਲਈ ਇਨ੍ਹਾਂ ਨੇ ਕੁਝ ਨਹੀਂ ਕੀਤਾ ਹੈ। ਇਸ ਦੌਰਾਨ ਭਗਵੰਤ ਮਾਨ ਵਲੋਂ ਰਾਜਪੁਰਾ ਤੋਂ ਬਠਿੰਡਾ ਟਰੈਕ ਡਬਲ ਕਰਨ ਲਈ ਵੀ ਰੇਲਵੇ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ 'ਸਿੱਖੀਜ਼ਮ ਆਨ ਵ੍ਹੀਲ' ਨਾਂ ਦੀ ਰੇਲਗੱਡੀ ਚਲਾਉਣ ਦੀ ਅਪੀਲ ਕੀਤੀ, ਜਿਹੜੀ ਕਿ ਸਾਰੇ ਤਖਤਾਂ ਨੂੰ ਆਪਸ 'ਚ ਜੋੜ ਦੇਵੇ। ਉਨ੍ਹਾਂ ਕਿਹਾ ਕਿ ਇਸ ਟਰੇਨ ਦੇ ਸ਼ੁਰੂ ਹੋਣ ਵਾਲੇ ਲੋਕ ਪੰਜੇ ਤਖਤਾਂ ਦੇ ਦਰਸ਼ਨ ਕਰਨ ਲਈ ਹੁੰਮ-ਹੁੰਮਾ ਕੇ ਬੁਕਿੰਗ ਕਰਵਾਉਣਗੇ।