ਜਸਟਿਸ ਦੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਕੇ ਕੈਪਟਨ ਨੇ ਕੇਸ ਨੂੰ ਪਾਇਆ ਠੰਡੇ ਬਸਤੇ ''ਚ : ਭਗਵੰਤ ਮਾਨ

Saturday, Aug 25, 2018 - 04:13 PM (IST)

ਜਸਟਿਸ ਦੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਕੇ ਕੈਪਟਨ ਨੇ ਕੇਸ ਨੂੰ ਪਾਇਆ ਠੰਡੇ ਬਸਤੇ ''ਚ : ਭਗਵੰਤ ਮਾਨ

ਭਿੱਖੀਵਿੰਡ/ਖਾਲੜਾ (ਭਾਟੀਆ, ਰਾਜੀਵ, ਸੁਖਚੈਨ, ਅਮਨ) - ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਪਹੁਵਿੰਡ ਦੇ ਸੂਰਜ ਪੈਲੇਸ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ, ਜਿਸ 'ਚ 'ਆਪ' ਦੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਪਾਰਟੀ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੀ. ਬੀ. ਆਈ. ਨੂੰ ਦੇ ਕੇ ਠੰਡੇ ਬਸਤੇ 'ਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਸਬੰਧ 'ਚ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਲਈ ਉਹ ਵੱਖ-ਵੱਖ ਹਲਕਿਆਂ ਦੇ ਪਿੰਡਾਂ 'ਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਨਸ਼ਾ ਸਮੱਗਲਰ ਦੱਸਿਆ।

ਦੂਸਰੇ ਧੜੇ ਵੱਲੋਂ ਬਣਾਏ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਧਾਨ ਮੰਨਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ 'ਆਪ' ਵੱਲੋਂ ਬਣਾਈ ਪੀ. ਐੱਸ. ਈ. ਸੁਪਰੀਮ ਹੈ, ਪ੍ਰਧਾਨ ਦਾ ਫੈਸਲਾ ਉਹ ਕਰਦੀ ਹੈ ਤੇ ਮੈਂ ਵੀ ਅਸਤੀਫਾ ਦਿੱਤਾ ਸੀ ਤੇ ਪ੍ਰਧਾਨਗੀ ਦਾ ਅਹੁਦਾ ਖਾਲੀ ਪਿਆ ਹੈ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਕਾਨਫਰੰਸ ਨੂੰ ਸਾਰੀਆਂ ਪਾਰਟੀਆਂ ਦਾ ਇਕੱਠ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਦਾ ਯਤਨ ਕਰ ਰਹੇ ਹਾ ਤੇ ਉਹ ਓਨਾ ਹੀ ਸਿਰੇ ਚੜ੍ਹੀ ਜਾ ਰਹੇ ਹਨ। ਇਸ ਮੌਕੇ ਜਨਰਲ ਸਕੱਤਰ ਰਣਜੀਤ ਕੁਮਾਰ ਭਿੱਖੀਵਿੰਡ, ਜਸਬੀਰ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ ਚੀਮਾ ਪੱਟੀ, ਜਗਜੀਤ ਸਿੰਘ ਮਾਛੀਕੇ, ਗੁਰਦੇਵ ਸਿੰਘ ਲਾਖਨਾ ਆਦਿ ਹਾਜ਼ਰ ਸਨ।


Related News