ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਨੇ ਤੋੜਿਆ ਦਮ

07/06/2018 7:42:14 AM

ਮਾਨਸਾ  (ਸੰਦੀਪ ਮਿੱਤਲ) - ਪੰਜਾਬ 'ਚ ਅਕਾਲੀ ਰਾਜ ਵੇਲੇ ਲੋੜਵੰਦ ਗਰੀਬ ਲੋਕਾਂ ਦੀ ਸਿਹਤ ਭਲਾਈ ਲਈ ਬਣੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਨੂੰ ਅੱਗੇ ਚਲਾਉਣ ਤੋਂ ਕਾਂਗਰਸ ਸਰਕਾਰ ਭੱਜਣ ਲੱਗੀ ਹੈ। ਮਾਨਸਾ ਜ਼ਿਲੇ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਲੰਘੇ 5 ਮਹੀਨਿਆਂ ਤੋਂ ਲੱਖਾਂ ਰੁਪਏ ਦੀ ਅਦਾਇਗੀ ਨਹੀਂ ਮਿਲ ਪਾਈ ਹੈ , ਜਿਸ ਕਾਰਨ ਇਸ ਸਕੀਮ 'ਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਹੁਣ ਹੋਰ ਮੈਡੀਕਲ ਸੇਵਾਵਾਂ ਤੋਂ ਹੱਥ ਖੜ੍ਹੇ ਕਰਨ ਲੱਗੇ ਹਨ ਕਿਉਂਕਿ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦਾ ਸਪੱਸ਼ਟ ਤੌਰ 'ਤੇ ਕਹਿਣਾ ਹੈ ਕਿ ਮੈਡੀਕਲ ਸੇਵਾਵਾਂ ਬਦਲੇ ਅਦਾਇਗੀਆਂ ਲਟਕਣ ਕਾਰਨ ਮੈਡੀਕਲ ਸੇਵਾਵਾਂ ਦੇਣਾ ਹੁਣ ਸੰਭਵ ਨਹੀਂ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ 'ਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਇਕ ਵਫਦ ਨੇ ਸਿਵਲ ਹਸਪਤਾਲ  ਮਾਨਸਾ 'ਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਇੰਚਾਰਜ ਡੀ. ਐੱਮ. ਸੀ. ਡਾ. ਸੁਰਿੰਦਰ ਸਿੰਘ ਨੂੰ ਇਕ ਮੰਗ-ਪੱਤਰ ਸੌਂਪਿਆ, ਜਿਸ 'ਚ ਇਹ ਲਿਖਿਆ ਕਿ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਪਿਛਲੇ 1 ਨਵੰਬਰ 2017 ਤੋਂ 31 ਮਾਰਚ 2018 (5 ਮਹੀਨਿਆਂ) ਦੀ ਹਾਲੇ ਤਕ ਮਾਨਸਾ ਜ਼ਿਲੇ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ। ਸਿਰਫ 15 ਤੋਂ 20 ਫੀਸਦੀ ਅਦਾਇਗੀ ਕੀਤੀ ਗਈ ਹੈ। ਇਸ ਤੋਂ ਇਲਾਵਾ 2016-17 ਦੀ ਵੀ ਕੁਝ  ਹਸਪਤਾਲਾਂ ਨੂੰ ਪੂਰੀ ਅਦਾਇਗੀ ਨਹੀਂ ਮਿਲੀ ਅਤੇ ਨਾ ਹੀ ਇਸ ਤੋਂ ਪਹਿਲਾਂ ਦਿੱਤੇ ਪੱਤਰ ਦੇ ਆਧਾਰ 'ਤੇ ਕੋਈ ਅਮਲੀ ਤੌਰ 'ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੰਘੀਂ 16 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਦਾਇਗੀ ਕਰਵਾਉਣ ਲਈ ਯੋਗ ਕਦਮ ਚੁੱਕੇ ਜਾਣ।
ਕੀ ਕਹਿਣੈ ਪ੍ਰਾਈਵੇਟ ਡਾਕਟਰਾਂ ਦਾ
ਰੇਖੀ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਤੇਜਿੰਦਰਪਾਲ ਸਿੰਘ ਰੇਖੀ, ਡੁਮੇਲੀ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਸੁਖਦੇਵ ਸਿੰਘ ਡੁਮੇਲੀ, ਕੁਲਵੰਤ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਕੁਲਵੰਤ ਸਿੰਘ, ਐਡਵਾਂਸ ਆਈ ਕੇਅਰ ਸੈਂਟਰ ਦੇ ਡਾ. ਰਾਜਨ ਸਿੰਗਲਾ, ਪ੍ਰਦੀਪ ਆਈ ਕੇਅਰ ਸੈਂਟਰ ਦੇ ਡਾ. ਪ੍ਰਦੀਪ ਕੁਮਾਰ ਬਾਂਸਲ, ਰਾਜ ਨਰਸਿੰਗ ਅਤੇ ਸਰਜੀਕਲ ਸੈਂਟਰ ਦੇ ਡਾ. ਰਾਜ ਕੁਮਾਰ, ਆਤਮਾ ਸਿੰਘ ਨਰਸਿੰਗ ਅਤੇ ਸਰਜੀਕਲ ਸੈਂਟਰ ਭੀਖੀ ਦੇ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਪਰ ਇਸ ਸਕੀਮ ਤਹਿਤ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਲੰਘੇ 5 ਮਹੀਨਿਆਂ ਤੋਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੀਆਂ ਲੱਖਾਂ ਰੁਪਏ ਦੀਆਂ ਅਦਾਇਗੀਆਂ ਰੁਕੀਆਂ ਹੋਈਆਂ ਹਨ।
ਡਾਕਟਰਾਂ ਵੱਲੋਂ ਚਿਤਾਵਨੀ
ਇਸ ਯੋਜਨਾ 'ਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਸ ਯੋਜਨਾ ਪ੍ਰਤੀ ਦਿੱਤੀਆਂ ਮੈਡੀਕਲ ਸੇਵਾਵਾਂ ਬਦਲੇ ਅਦਾਇਗੀਆਂ ਨਾ ਕੀਤੀਆਂ ਤਾਂ ਉਹ ਕਿਸੇ ਵੇਲੇ ਵੀ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੈਡੀਕਲ ਸੇਵਾਵਾਂ ਬਦਲੇ ਜਲਦ ਅਦਾਇਗੀਆਂ ਕੀਤੀਆਂ ਜਾਣ।


Related News