ਫੋਨ ਕਰਕੇ ਕੋਈ ਸਕਾ ਸਬੰਧੀ ਜਾਂ ਰਿਸ਼ਤੇਦਾਰ ਇਹ ਗੱਲਾਂ ਕਰੇ ਤਾਂ ਘਬਰਾ ਨਾ ਜਾਇਓ ਕਿਉਂਕਿ...
Saturday, Aug 05, 2023 - 10:56 AM (IST)
ਲੁਧਿਆਣਾ (ਰਾਜ) : ਹੁਣ ਤੱਕ ਸਾਈਬਰ ਠੱਗ ਬੈਂਕ ਓ. ਟੀ. ਪੀ. ਫਰਜ਼ੀ ਪ੍ਰੋਫਾਈਲ ਬਣਾ ਕੇ ਪੈਸੇ ਮੰਗਣ ਵਰਗੇ ਢੰਗ ਤਰੀਕੇ ਨਾਲ ਠੱਗੀ ਕਰ ਰਹੇ ਸਨ ਪਰ ਹੁਣ ਸਾਈਬਰ ਠੱਗ ਨਵੇਂ ਢੰਗ ਨਾਲ ਠੱਗੀ ਕਰਨ ਲੱਗੇ ਹਨ। ਜੇਕਰ ਤੁਹਾਡੇ ਕੋਲ ਵੀ ਕੋਈ ਸਕਾ ਸਬੰਧੀ ਬਣ ਕੇ ਫੋਨ ਕਰ ਕੇ ਮਦਦ ਦੇ ਨਾਂ ’ਤੇ ਪੈਸੇ ਮੰਗੇ ਤਾਂ ਸਾਵਧਾਨ ਰਹੋ। ਸਾਈਬਰ ਠੱਗ ਏ. ਆਈ. ਵਾਇਸ ਕਲੋਨਿੰਗ ਜ਼ਰੀਏ ਉਨ੍ਹਾਂ ਦੀ ਹੂ-ਬ-ਹੂ ਆਵਾਜ਼ ਕੱਢ ਕੇ ਕਿਤੇ ਫਸੇ ਹੋਣ ਦਾ ਹਵਾਲਾ ਦੇ ਕੇ ਜਾਂ ਫਿਰ ਅਗਵਾ ਕਰਨ ਦੀ ਗੱਲ ਕਰ ਕੇ ਠੱਗੀ ਕਰ ਰਹੇ ਹਨ। ਲੁਧਿਆਣਾ ’ਚ ਅਜਿਹੀ ਠੱਗੀ ਹੋ ਚੁੱਕੀ ਹੈ। ਏ. ਆਈ. ਨਾਲ ਹੋ ਰਹੇ ਸਾਈਬਰ ਫ੍ਰਾਡ ਨੂੰ ਲੈ ਕੇ ਸਾਈਬਰ ਸੈੱਲ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਉਹ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਤਾਂ ਕਿ ਲੋਕ ਅਜਿਹੀ ਠੱਗੀ ਤੋਂ ਬਚ ਸਕਣ। ਅਸਲ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਾਇਸ ਕਲੋਨਿੰਗ ਪਲੇ ਸਟੋਰ ’ਤੇ ਮੁਹੱਈਆ ਹੈ, ਜਿਸ ਨੂੰ ਅੱਜ-ਕੱਲ੍ਹ ਸਾਈਬਰ ਠੱਗ ਆਪਣੀ ਠੱਗੀ ’ਚ ਵਰਤਣ ਲੱਗ ਗਏ ਹਨ। ਠੱਗ ਏ. ਆਈ. ਦੀ ਵਾਇਸ ਕਲੋਨਿੰਗ ਟੂਲ ਦੀ ਮਦਦ ਨਾਲ ਉਸ ਦੀ ਆਵਾਜ਼ ਕਲੋਨ ਕਰਦੇ ਹਨ। ਫਿਰ ਆਪਣੇ ਰਿਸ਼ਤੇਦਾਰ, ਦੋਸਤ ਅਤੇ ਹੋਰ ਜਾਣਕਾਰਾਂ ਦੀ ਆਵਾਜ਼ ਦਾ ਕਲੋਨ ਤਿਆਰ ਕੀਤਾ ਜਾਂਦਾ ਹੈ। ਫਿਰ ਵੱਖ-ਵੱਖ ਢੰਗਾਂ ਨਾਲ ਡਰਾ-ਧਮਕਾ ਕੇ ਪੈਸੇ ਠੱਗੇ ਜਾਂਦੇ ਹਨ। ਠੱਗ ਕਦੇ ਕਹਿੰਦੇ ਹਨ ਕਿ ਤੁਹਾਡੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਜਾਂ ਉਸ ਨੂੰ ਪੁਲਸ ਨੇ ਫੜ੍ਹ ਲਿਆ ਹੈ। ਅਜਿਹੇ ਕਈ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਦੱਸ ਕੇ ਉਨ੍ਹਾਂ ਤੋਂ ਬੈਂਕ ਅਕਾਊਂਟ 'ਚ ਪੈਸੇ ਮੰਗਵਾਏ ਜਾਂਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਤੇਜ਼ੀ ਨਾਲ ਵੱਧ ਰਿਹਾ ਭਾਖੜਾ ਡੈਮ 'ਚ ਪਾਣੀ
ਵਾਇਸ ਦਾ ਸੈਂਪਲ ਲੈਂਦੇ ਹਨ, ਫਿਰ ਐੱਪ ਜ਼ਰੀਏ ਕਰਦੇ ਹਨ ਵਾਇਸ ਕਲੋਨਿੰਗ
ਵਾਇਸ ਕਲੋਨਿੰਗ ਦੀਆਂ ਕਈ ਐਪ ਪਲੇਅ ਸਟੋਰ ’ਤੇ ਮੌਜੂਦ ਹਨ। ਇਨ੍ਹਾਂ ’ਚੋਂ ਕਈ ਸਾਈਬਰ ਠੱਗ ਵਰਤ ਰਹੇ ਹਨ। ਇਸ ਨੂੰ ਵਰਤਣ ਲਈ ਸਾਈਬਰ ਠੱਗ ਫੇਸਬੁੱਕ, ਇੰਸਟਾਗ੍ਰਾਮ ਜਾਂ ਯੂ-ਟਿਊਬ ਅਤੇ ਹੋਰ ਢੰਗਾਂ ਨਾਲ ਲੋਕਾਂ ਨੂੰ ਕਾਲ ਕਰ ਕੇ ਉਨ੍ਹਾਂ ਦੀ ਵਾਇਸ ਦਾ ਸੈਂਪਲ ਲੈ ਲੈਂਦੇ ਹਨ। ਇਸ ਤੋਂ ਬਾਅਦ ਏ. ਆਈ. ਐਪ ’ਚ ਉਸ ਦੀ ਸੈਂਪਲ ਵਾਇਸ ਪਾ ਕੇ ਕਲੋਨ ਤਿਆਰ ਕੀਤਾ ਜਾਂਦਾ ਹੈ। ਐਪ ਸਿਰਫ 5 ਸੈਕਿੰਡ ’ਚ ਕਲੋਨ ਤਿਆਰ ਕਰ ਲੈਂਦੀ ਹੈ। ਫਿਰ ਇਸ ਤੋਂ ਬਾਅਦ ਵਾਇਸ ਕਲੋਨ ਜ਼ਰੀਏ ਉਨ੍ਹਾਂ ਦੇ ਜਾਣਕਾਰ, ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾਂਦਾ ਹੈ। ਆਵਾਜ਼ ਦੀ ਕਲੋਨਿੰਗ ਅਜਿਹੀ ਹੁੰਦੀ ਹੈ ਕਿ ਪਤੀ-ਪਤਨੀ, ਪਿਤਾ-ਪੁੱਤਰ ਤੱਕ ਦੀ ਆਵਾਜ਼ ਨਹੀਂ ਪਛਾਣ ਪਾ ਰਹੇ ਹਨ। ਉਹ ਸਾਈਬਰ ਠੱਗਾਂ ਦੀਆਂ ਗੱਲਾਂ ’ਚ ਉਲਝ ਕੇ ਠੱਗਾਂ ਨੂੰ ਪੈਸੇ ਦੇ ਬੈਠਦੇ ਹਨ।
ਲੁਧਿਆਣਾ ’ਚ ਸਾਹਮਣੇ ਆ ਚੁੱਕੇ ਹਨ ਕਲੋਨਿੰਗ ਐਪ ਨਾਲ ਹੋਈ ਠੱਗੀ ਦੇ ਮਾਮਲੇ
ਹਾਲ ਦੇ ਦਿਨਾਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਹਨ। ਦੋਸਤ ਰਿਸ਼ਤੇਦਾਰ ਬਣ ਕੇ ਮਦਦ ਅਤੇ ਐਮਰਜੈਂਸੀ ਦੇ ਨਾਂ ’ਤੇ ਲੱਖਾਂ ਦੀ ਠੱਗੀ ਹੋ ਰਹੀ ਹੈ। ਕੁੱਝ ਮਹੀਨੇ ਪਹਿਲਾਂ ਬਸਤੀ ਜੋਧੇਵਾਲ ਦੀ ਔਰਤ ਨੂੰ ਕਾਲ ਆਈ ਸੀ। ਸਾਹਮਣਿਓਂ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਪੁਲਸ ਵਾਲਾ ਦੱਸਿਆ ਅਤੇ ਕਿਹਾ ਕਿ ਉਸ ਦਾ ਪਤੀ ਨਾਜਾਇਜ਼ ਹਥਿਆਰ ਸਮੇਤ ਫੜ੍ਹਿਆ ਗਿਆ ਹੈ। ਕਲੋਨਿੰਗ ਐੱਪ ਜ਼ਰੀਏ ਉਸ ਦੀ ਪਤੀ ਨਾਲ ਗੱਲ ਵੀ ਕਰਵਾਈ ਗਈ ਸੀ, ਜੋ ਕਿ ਔਰਤ ਪਛਾਣ ਨਹੀਂ ਸਕੀ। ਫਿਰ ਕਿਹਾ ਗਿਆ ਕਿ ਜਲਦੀ 50 ਹਜ਼ਾਰ ਰੁਪਏ ਦੇ ਦਿਓ ਤਾਂ ਉਸ ਦੇ ਪਤੀ ਨੂੰ ਛੱਡਾਂਗੇ ਪਰ ਔਰਤ ਨੇ ਸਮਝਦਾਰੀ ਦਿਖਾਈ। ਉਸ ਨੇ ਪਹਿਲਾਂ ਪਤੀ ਨੂੰ ਕਾਲ ਕੀਤੀ, ਜੋ ਕਿ ਆਪਣੀ ਫੈਕਟਰੀ ’ਚ ਕੰਮ ਕਰ ਰਿਹਾ ਸੀ। ਇਸ ਲਈ ਉਹ ਠੱਗੀ ਤੋਂ ਬਚ ਗਈ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਕੁੱਝ ਦਿਨ ਪਹਿਲਾਂ ਜੱਸੀਆਂ ਰੋਡ ਦੇ ਹਾਰਡਵੇਅਰ ਕਾਰੋਬਾਰੀ ਨੂੰ ਕਾਲ ਆਈ ਸੀ ਕਿ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ। ਜਲਦ 70 ਹਜ਼ਾਰ ਰੁਪਏ ਉਨ੍ਹਾਂ ਦੇ ਖ਼ਾਤੇ ’ਚ ਪਾ ਦਿਓ, ਨਹੀਂ ਤਾਂ ਉਸ ਦੇ ਪੁੱਤ ਨੂੰ ਮਾਰ ਦੇਣਗੇ। ਠੱਗਾਂ ਨੇ ਪੁੱਤ ਨਾਲ ਕਾਰੋਬਾਰੀ ਦੀ ਗੱਲ ਵੀ ਕਰਵਾਈ, ਜੋ ਕਿ ਗੱਲ ਕਰਨ ’ਤੇ ਆਵਾਜ਼ ਬਿਲਕੁਲ ਪੁੱਤ ਵਰਗੀ ਸੀ। ਇਸ ਲਈ ਉਸ ਦਾ ਪਿਤਾ ਪੈਸੇ ਜਮ੍ਹਾਂ ਕਰਵਾਉਣ ਲਈ ਚਲਾ ਗਿਆ ਪਰ ਇਕ ਦੋਸਤ ਦੀ ਸਮਝਦਾਰੀ ਨਾਲ ਉਹ ਠੱਗੀ ਤੋਂ ਬਚ ਗਿਆ। ਉਸ ਨੇ ਉਸ ਦੇ ਪੁੱਤਰ ਨੂੰ ਕਾਲ ਕੀਤੀ ਤਾਂ ਉਹ ਦੁਕਾਨ ’ਤੇ ਹੀ ਬੈਠਾ ਹੋਇਆ ਸੀ। ਅਜਿਹਾ ਕਰ ਕੇ ਦੋਵੇਂ ਠੱਗੇ ਜਾਣ ਤੋਂ ਬਚ ਗਏ।
ਇਹ ਵੀ ਪੜ੍ਹੋ : ਰਾਤ ਵੇਲੇ ਝੋਨੇ ਨੂੰ ਪਾਣੀ ਲਾ ਰਹੇ ਵਿਅਕਤੀ ਦਾ ਕਤਲ, ਕਾਤਲਾਂ ਨੇ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ
ਜ਼ਿਆਦਾਤਰ ਵਿਦੇਸ਼ਾਂ ’ਚ ਬੈਠੇ ਰਿਸ਼ਤੇਦਾਰਾਂ ਦੇ ਨਾਂ ’ਤੇ ਕੀਤੀ ਜਾ ਰਹੀ ਠੱਗੀ
ਪੁਲਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਠੱਗ ਵਿਦੇਸ਼ ’ਚ ਬੈਠੇ ਰਿਸ਼ਤੇਦਾਰਾਂ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਭਾਰਤ ’ਚ ਬੈਠੇ ਪਰਿਵਾਰ ਨੂੰ ਕਾਲ ਆਉਂਦੀ ਹੈ ਕਿ ਉਸ ਦਾ ਪੁੱਤਰ, ਧੀ, ਰਿਸ਼ਤੇਦਾਰ ਜਾਂ ਦੋਸਤ ਉਨ੍ਹਾਂ ਦੇ ਕਬਜ਼ੇ ਵਿਚ ਹੈ ਜਾਂ ਫਿਰ ਪੁਲਸ ਹਿਰਾਸਤ 'ਚ ਹੈ ਜਾਂ ਫਿਰ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ। ਅਜਿਹੇ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਭਾਰਤ ਬੈਠੇ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਜਾਂਦੀ ਹੈ। ਫਿਰ ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਅਤੇ ਬੈਂਕ ਅਕਾਊਂਟ ਜਾਂ ਫਿਰ ਡਿਜੀਟਲ ਢੰਗ ਨਾਲ ਪੈਸੇ ਮੰਗਵਾਏ ਜਾਂਦੇ ਹਨ। ਸਾਰੇ ਮਾਮਲਿਆਂ ’ਚ ਵਾਇਸ ਕਲੋਨਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਪਰਿਵਾਰ ਵਾਲੇ ਆਵਾਜ਼ ਸੁਣ ਕੇ ਝਾਂਸੇ ’ਚ ਆ ਜਾਂਦੇ ਹਨ।
ਮੋਬਾਇਲ ’ਤੇ ਆਵਾਜ਼ ਸੁਣ ਕੇ ਨਾ ਦਿਓ ਕਿਸੇ ਨੂੰ ਪੈਸੇ : ਇੰਚਾਰਜ ਜਤਿੰਦਰ ਸਿੰਘ
ਸਾਈਬਰ ਸੈੱਲ ਦੇ ਇੰਚਾਰਜ ਇੰਸ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਠੱਗੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਮੋਬਾਇਲ ’ਤੇ ਆਪਣੇ ਕਿਸੇ ਨਜ਼ਦੀਕੀ, ਰਿਸ਼ਤੇਦਾਰ ਜਾਂ ਦੋਸਤ ਦੀ ਆਵਾਜ਼ ਸੁਣ ਕੇ ਕਿਸੇ ਨੂੰ ਵੀ ਪੈਸੇ ਨਾ ਦਿਓ। ਪਹਿਲਾਂ ਉਨ੍ਹਾਂ ਦੇ ਮੋਬਾਇਲ ਨੰਬਰ ’ਤੇ ਕਾਲ ਕਰ ਕੇ ਇਕ ਵਾਰ ਖ਼ੁਦ ਕਨਫਰਮ ਕਰ ਲਓ। ਜੇਕਰ ਕਿਸੇ ਨੂੰ ਅਜਿਹੀ ਕਾਲ ਆਉਂਦੀ ਹੈ ਜਾਂ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਤੁਰੰਤ ਨੇੜੇ ਦੇ ਸਾਈਬਰ ਸੈੱਲ ਜਾਂ ਫਿਰ ਹੈਲਪਲਾਈਨ 1930 ਤੇ ਸ਼ਿਕਾਇਤ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ