ਘਰ ''ਚ ਦਾਖਲ ਹੋ ਕੇ ਕੀਤੀ ਕੁੱਟਮਾਰ

Sunday, Sep 17, 2017 - 07:19 AM (IST)

ਘਰ ''ਚ ਦਾਖਲ ਹੋ ਕੇ ਕੀਤੀ ਕੁੱਟਮਾਰ

ਅਮਰਕੋਟ,   (ਅਮਰਗੋਰ)-  ਪਿੰਡ ਰਾਜੋਕੇ 'ਚ ਕੁਝ ਵਿਅਕਤੀਆਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਰਵਣ ਸਿੰਘ ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਹੋਏ ਸਰਵਣ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਅੰਗਰੇਜ਼ ਸਿੰਘ, ਜੋ ਕਿ ਪਿੰਡ ਲਾਖਣੇ ਦੇ ਉਕਤ ਵਿਅਕਤੀਆਂ ਕੋਲ ਕੰਬਾਈਨ ਚਲਾਉਂਦਾ ਹੈ ਅਤੇ ਇਨ੍ਹਾਂ ਕੋਲੋਂ ਮੇਰੇ ਲੜਕੇ ਨੇ 14 ਹਜ਼ਾਰ ਰੁਪਏ ਲਏ ਹੋਏ ਸੀ, ਜਿਸ 'ਚੋਂ ਉਸ ਨੇ ਉਨ੍ਹਾਂ ਨੂੰ 7 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਬਾਕੀ ਪੈਸੇ ਕੁਝ ਦਿਨ ਬਾਅਦ ਦੇਣ ਦਾ ਕਰਾਰ ਕੀਤਾ ਸੀ ਪਰ ਉਕਤ ਵਿਅਕਤੀਆਂ ਨੇ ਮੇਰੇ ਘਰ ਆ ਕੇ ਮੇਰੇ ਲੜਕੇ ਨੂੰ ਗਾਲੀ-ਗਲੋਚ ਕਰਨ ਲੱਗ ਪਏ ਅਤੇ ਜਦ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਚ ਮੇਰੀ ਨੂੰਹ ਗੁਰਪ੍ਰੀਤ ਕੌਰ, ਜੋ ਕਿ ਗਰਭਵਤੀ ਹੈ, ਵੀ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜ਼ਬਰਦਸਤੀ ਮੇਰਾ ਮੋਟਰਸਾਈਕਲ ਵੀ ਖੋਹ ਕੇ ਲੈ ਗਏ। 
ਇਸ ਸਾਰੀ ਘਟਨਾ ਸਬੰਧੀ ਮੈਂ ਪੁਲਸ ਚੌਕੀ ਰਾਜੋਕੇ ਵਿਖੇ ਦਰਖਾਸਤ ਦਿੱਤੀ ਹੈ ਅਤੇ ਉਕਤ ਵਿਅਕਤੀਆਂ 'ਚੋਂ ਇਕ ਵਿਅਕਤੀ ਪੁਲਸ ਮੁਲਾਜ਼ਮ ਹੈ, ਜਿਸ ਕਾਰਨ ਰਾਜੋਕੇ ਪੁਲਸ ਚੌਕੀ ਇੰਚਾਰਜ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। ਮੈਂ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕਰਦਾ ਹਾਂ ਕਿ ਉਕਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ। 
ਜਦ ਇਸ ਸਬੰਧੀ ਰਾਜੋਕੇ ਪੁਲਸ ਚੌਕੀ ਇੰਚਾਰਜ ਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ, ਜੋ ਮੈਡੀਕਲ ਰਿਪੋਰਟ ਆਵੇਗੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।


Related News