ਬਹਿਬਲ ਕਲਾਂ ਗੋਲੀਕਾਂਡ : ‘2 ਕਾਂਗਰਸੀ ਵਿਧਾਇਕ ਕਰ ਰਹੇ ਹਨ ਦੋਸ਼ੀਆਂ ਦੀ ਮਦਦ’

Thursday, Feb 06, 2020 - 12:07 PM (IST)

ਬਹਿਬਲ ਕਲਾਂ ਗੋਲੀਕਾਂਡ : ‘2 ਕਾਂਗਰਸੀ ਵਿਧਾਇਕ ਕਰ ਰਹੇ ਹਨ ਦੋਸ਼ੀਆਂ ਦੀ ਮਦਦ’

ਜੈਤੋ (ਸਤਵਿੰਦਰ, ਜਗਤਾਰ ) - ਬੀਤੇ ਦਿਨ ਫ਼ਰੀਦਕੋਟ ਵਿਖੇ ਬਹਿਬਲ ਕਲਾਂ ਗੋਲੀਕਾਂਡ ਦੇ 23 ਗਵਾਹਾਂ ’ਚੋਂ 7 ਗਵਾਹਾਂ ਨੇ ਪ੍ਰੈੱਸ ਕਾਨਫਰੰਸ ਕਰ ਸੁਰਜੀਤ ਸਿੰਘ ਦੀ ਮੌਤ ਦੇ ਕਾਰਣਾਂ ’ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਸਨ। ਉਸ ਦੇ ਸਬੰਧ ’ਚ ਮ੍ਰਿਤਕ ਦੇ ਪਰਿਵਾਰ ਨੇ ਆਪਣੇ ਘਰ ਬਰਗਾੜੀ ਵਿਖੇ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ 7 ਗਵਾਹਾਂ ਨੂੰ ਦੋ ਕਾਂਗਰਸੀ ਵਿਧਾਇਕਾਂ ਦੀ ਸ਼ਹਿ ਪ੍ਰਾਪਤ ਹੈ, ਜਿਨ੍ਹਾਂ ਦੀ ਮਦਦ ਨਾਲ ਬੇਤੁਕੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਮ੍ਰਿਤਕ ਸੁਰਜੀਤ ਦੀ ਪਤਨੀ ਨੇ ਵੱਖ-ਵੱਖ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ ਅੱਗੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਦਿੱਤੀ ਅਰਜ਼ੀ ਅਨੁਸਾਰ ਦੋਸ਼ੀਆਂ ਖਿਲਾਫ਼ ਪੁਲਸ ਕਾਰਵਾਈ ਨਹੀਂ ਕਰ ਰਹੀ, ਸਗੋਂ ਟਾਲ-ਮਟੋਲ ਕਰ ਰਹੀ ਹੈ। ਪੀੜਤ ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਪੁਲਸ ਇਸ ਮਸਲੇ ਨੂੰ ਹਵਾਈ ਫਾਇਰ ਅਤੇ ਆਪਸੀ ਝਗੜੇ ਦਾ ਰੂਪ ਦੇ ਕੇ ਇਸ ਨੂੰ ਦਬਾਉਣ ’ਚ ਲੱਗੀ ਹੋਈ ਹੈ। 

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਕੈਪਟਨ ਸਰਕਾਰ ’ਤੇ ਉੱਕਾ ਭਰੋਸਾ ਨਹੀਂ, ਕਿਉਂਕਿ ਕਾਂਗਰਸ ਸਰਕਾਰ ਦੇ ਹੀ ਦੋ ਵਿਧਾਇਕ ਸ਼ਰੇਆਮ ਦੋਸ਼ੀਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਹਾਈ ਕੋਰਟ ਜਾਣਗੇ। ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀਕਾਂਡ ਮਗਰੋਂ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਸੀਆਂ ਅੱਤਿਆਚਾਰ ਵਾਲੀ ਵਾਰਦਾਤ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ ਨੇ ਚਰਚਾ ਛੇੜ ਦਿੱਤੀ ਹੈ। ਮ੍ਰਿਤਕ ਦੀ ਪਤਨੀ ਜਸਵੀਰ ਕੌਰ ਨੇ ਵੱਖ-ਵੱਖ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਬਿਜਲੀ ਵਿਭਾਗ ਵਲੋਂ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨ ਕਰ ਸੁਰਜੀਤ ਬੇਚੈਨ ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸੁਰਜੀਤ ਸਿੰਘ ਨੇ ਆਪਣੀ ਜਾਨ ਜ਼ੋਖਮ ’ਚ ਪਾ ਕੇ ਸਾਰੇ ਜਾਂਚ ਕਮਿਸ਼ਨਾਂ ਅਤੇ ਅਦਾਲਤਾਂ ’ਚ ਗਵਾਹੀਆਂ ਦਿੱਤੀਆਂ ਪਰ ਕਿਸੇ ਵੀ ਸਿੱਖ ਸੰਸਥਾ, ਪੰਥਕ ਜਥੇਬੰਦੀ ਜਾਂ ਜਥੇਦਾਰਾਂ ਨੇ ਉਸ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਨਹੀਂ ਸਮਝੀ।  


author

rajwinder kaur

Content Editor

Related News