ਬਹਿਬਲ, ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ 27 ਤੱਕ ਟਲੀ

Saturday, Nov 07, 2020 - 05:50 PM (IST)

ਬਹਿਬਲ, ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ 27 ਤੱਕ ਟਲੀ

ਫਰੀਦਕੋਟ (ਜਗਦੀਸ਼) : ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਅਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਕਹਿਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਮੁਤਾਬਿਕ ਹੈਰਾਨੀਜਨਕ ਖੁਲਾਸੇ ਅਤੇ ਪ੍ਰਗਟਾਵੇ ਹੋਏ ਹਨ ਪਰ ਉਕਤ ਮਾਮਲਾ ਹੁਣ ਅਦਾਲਤ ਦੇ ਵਿਚਾਰ ਅਧੀਨ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਸਬੰਧੀ ਸ਼ੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ 'ਚ ਦੋਸ਼ ਆਇਦ ਦੇ ਮੁੱਦੇ 'ਤੇ ਬਹਿਸ ਹੋਣੀ ਸੀ ਪਰ ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਕਾਰਨ ਅੱਠ ਮਹੀਨੇ ਤੋਂ ਅਦਾਲਤਾਂ ਬੰਦ ਹੋਣ ਕਾਰਨ ਨਹੀਂ ਹੋ ਸਕੀ ।

ਸ਼ੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਉਕਤ ਦੋਵਾਂ ਮਾਮਲਿਆਂ ਦੀ ਸੁਣਵਾਈ 27 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਕਤ ਮਾਮਲਿਆਂ 'ਚ ਐੱਸ. ਆਈ. ਟੀ. ਨੇ ਗਵਾਹਾਂ ਦੇ ਆਧਾਰ 'ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਸਮੇਤ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਬਲਜੀਤ ਸਿੰਘ ਸਿੱਧੂ ਤਤਕਾਲੀਨ ਡੀ. ਐੱਸ. ਪੀ. ਕੋਟਕਪੂਰਾ, ਗੁਰਦੀਪ ਸਿੰਘ ਪੰਧੇਰ ਸਾਬਕਾ ਐੱਸ. ਐੱਚ. ਓ. ਥਾਣਾ ਸਿਟੀ ਕੋਟਕਪੂਰਾ, ਪਰਮਜੀਤ ਸਿੰਘ ਪੰਨੂੰ ਡੀ. ਐੱਸ. ਪੀ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਇੰਸ. ਪ੍ਰਦੀਪ ਸਿੰਘ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ, ਭਾਵੇਂ ਇੰਸ. ਪ੍ਰਦੀਪ ਸਿੰਘ ਨੂੰ ਸਿੱਟ ਨੇ ਮੁਲਜ਼ਮ ਵਜੋਂ ਉਕਤ ਮਾਮਲੇ 'ਚ ਸ਼ਾਮਲ ਕਰਵਾਇਆ ਪਰ ਬਾਅਦ 'ਚ 'ਵਾਅਦਾ ਮੁਆਫ ਗਵਾਹ' ਬਣ ਕੇ ਇੰਸ. ਪ੍ਰਦੀਪ ਸਿੰਘ ਨੇ ਵੀ ਬਹਿਬਲ ਕਲਾਂ ਗੋਲੀਕਾਂਡ ਵਾਲੀ ਘਟਨਾ ਸਬੰਧੀ ਅਹਿਮ ਖੁਲਾਸੇ ਕੀਤੇ।

ਇਸ ਮਾਮਲੇ ਵਿਚ ਵਿਸੇਸ਼ ਟੀਮ ਤਿੰਨ ਚਲਾਨ ਪੇਸ਼ ਕਰ ਚੁੱਕੀ ਹੈ । ਦੂਜੇ ਪਾਸੇ ਕੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੜਤਾਲ ਤੋਂ ਲਾਂਭੇ ਕਰਨ ਲਈ ਇਕ ਮੁਲਜ਼ਮ ਵੱਲੋਂ ਦਾਇਰ ਰਿੱਟ ਕੀਤੀ ਹੋਈ ਹੈ ਜਿਸ ਦੀ ਸੁਣਵਾਈ 12 ਨਵੰਬਰ ਨੂੰ ਹੋਣੀ ਹੈ ਅਤੇ ਹੁਣ ਉਕਤ ਮਾਮਲਿਆਂ ਦੀ ਸੁਣਵਾਈ 27 ਨਵੰਬਰ ਨੂੰ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਹੋਣ ਦੀ ਪੂਰੀ ਸੰਭਾਵਨਾ ਹੈ।


author

Gurminder Singh

Content Editor

Related News