ਬਿਊਟੀ ਪਾਰਲਰ ਦਾ ਕੋਰਸ ਕਰਕੇ ਦੁਬਈ ਗਈ ਕੁੜੀ ਸਾਲ ਬਾਅਦ ਪਰਤੀ ਘਰ, ਹੱਡ-ਬੀਤੀ ਸੁਣ ਖੜ੍ਹੇ ਹੋਣਗੇ ਰੌਂਗਟੇ

Sunday, Jun 04, 2023 - 06:33 PM (IST)

ਬਿਊਟੀ ਪਾਰਲਰ ਦਾ ਕੋਰਸ ਕਰਕੇ ਦੁਬਈ ਗਈ ਕੁੜੀ ਸਾਲ ਬਾਅਦ ਪਰਤੀ ਘਰ, ਹੱਡ-ਬੀਤੀ ਸੁਣ ਖੜ੍ਹੇ ਹੋਣਗੇ ਰੌਂਗਟੇ

ਨੱਥੂਵਾਲਾ ਗਰਬੀ (ਰਾਜਵੀਰ) : ਭਾਵੇਂ ਟਰੈਵਲ ਏਜੰਟਾਂ ਵੱਲੋਂ ਦਿਖਾਏ ਸਬਜਬਾਗ ਜਾਂ ਗੁੰਮਰਾਹ ਕਰਨ ਕਰਕੇ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ-ਲੜਕੀਆਂ ਅਰਬ ਦੇਸ਼ਾਂ ਵਿਚ ਨਰਕ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਹਨ ਅਤੇ ਕੁਝ ਜਾਗਰੂਕ ਸੋਚ ਰੱਖਣ ਵਾਲੇ ਇਨਸਾਨ ਅਜਿਹੇ ਠੱਗ ਏਜੰਟਾਂ ਖ਼ਿਲਾਫ ਆਵਾਜ਼ ਵੀ ਸਮੇਂ-ਸਮੇਂ ਚੁੱਕਦੇ ਰਹਿੰਦੇ ਹਨ, ਪਰ ਫਿਰ ਵੀ ਟਰੈਵਲ ਏਜੰਟਾਂ ਦਾ ਚਾਰ ਛਿੱਲੜਾਂ ਖਾਤਰ ਨੌਜਵਾਨਾਂ ਨੂੰ ਨਰਕ ਵਾਲੇ ਰਸਤੇ ਤੋਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਕੋਟਕਪੂਰੇ ਦੇ ਮੁਹੱਲਾ ਪ੍ਰੇਮ ਨਗਰ ਦਾ ਸਾਹਮਣੇ ਆਇਆ ਹੈ, ਜਿੱਥੋਂ ਸ਼ਮਸ਼ੇਰ ਸਿੰਘ ਅਤੇ ਪ੍ਰਵੀਨ ਰਾਣੀ ਦੀ ਇਕਲੌਤੀ ਔਲਾਦ ਮਹਿਜ਼ 22 ਸਾਲਾਂ ਦੀ ਬੇਟੀ ਜੋਤੀ ਨੂੰ ਉਨ੍ਹਾਂ ਦੀ ਰਿਸ਼ਤੇਦਾਰ ਔਰਤ ਨੇ ਦੁਬਈ ਵਿਖੇ ਬਿਊਟੀ ਪਾਰਲਰ ਦਾ ਰੋਜ਼ਗਾਰ ਦੇਣ ਦਾ ਝਾਂਸਾ ਦੇ ਕੇ ਪਹੁੰਚਾਇਆ ਪਰ ਇਕ ਸਾਲ ਨਰਕ ਵਾਲਾ ਜੀਵਨ ਬਤੀਤ ਕਰਨ ਉਪਰੰਤ ਜਦੋਂ ਉਕਤ ਲੜਕੀ ਨੂੰ ਭਵਿੱਖ ਧੁੰਦਲਾ ਜਾਪਿਆ ਅਤੇ ਉਸ ਨੇ ਆਤਮ-ਹੱਤਿਆ ਵਾਲਾ ਰਸਤਾ ਅਖਤਿਆਰ ਕਰਨ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਉੱਘੇ ਸਮਾਜ ਸੇਵੀ ਡਾ. ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਨਾਲ ਸੰਪਰਕ ਕੀਤਾ ਅਤੇ ਡਾ. ਢਿੱਲੋਂ ਨੇ ਆਪਣੇ ਦੋਸਤ ਦੁਬਈ ਵਾਸੀ ਹਰਭਜਨ ਸਿੰਘ ਮਠਾੜੂ ਨਾਲ ਸੰਪਰਕ ਕਰ ਕੇ ਜੋਤੀ ਨੂੰ ਸੁਰੱਖਿਅਤ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਆਪਣੇ ਮਾਤਾ-ਪਿਤਾ ਨਾਲ ਪੁੱਜੀ ਜੋਤੀ ਨੇ ਟੀ. ਵੀ. ਚੈਨਲਾਂ ਦੇ ਕੈਮਰਿਆਂ ਸਾਹਮਣੇ ਦਿਲ ਕੰਬਾਊ ਪ੍ਰਗਟਾਵੇ ਕਰਦਿਆਂ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਲੈਣ, ਉੱਥੇ ਉਸ ਨੇ ਰਿਸ਼ਤੇਦਾਰ ਠੱਗ ਔਰਤ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਜੇਕਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੇ ਅਜਿਹੇ ਠੱਗ ਏਜੰਟਾਂ ਖ਼ਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਠੱਗ ਏਜੰਟ ਬਹੁਤ ਸਾਰੇ ਹੋਰ ਗਰੀਬੀ ਅਤੇ ਬੇਰੋਜ਼ਗਾਰੀ ਦੇ ਭੰਨੇ ਨੌਜਵਾਨਾਂ ਨੂੰ ਨਰਕ ਦੇ ਰਸਤੇ ਤੋਰ ਸਕਦੇ ਹਨ। ਜੋਤੀ ਨੇ ਦੱਸਿਆ ਕਿ 12ਵੀਂ ਜਮਾਤ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਸ ਨੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਅਤੇ ਉਸ ਦੀ ਬਰਨਾਲਾ ਸ਼ਹਿਰ ਦੀ ਵਸਨੀਕ ਭੂਆ ਦੀ ਲੜਕੀ ਨੇ ਉਸ ਦੇ ਮਾਪਿਆਂ ਨੂੰ ਆਖਿਆ ਕਿ ਉਹ ਦੁਬਈ ਅਤੇ ਆਬੂਧਾਬੀ ਵਿਖੇ ਅਨੇਕਾਂ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਰੋਜ਼ਗਾਰ ਦਿਵਾ ਚੁੱਕੀ ਹੈ ਅਤੇ ਜੋਤੀ ਨੂੰ ਵੀ ਬਿਊਟੀ ਪਾਰਲਰ ਦਾ ਕੰਮ ਦਿਵਾ ਸਕਦੀ ਹੈ।

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ

ਵਿਦੇਸ਼ ਵਿਚ ਰੋਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਔਰਤ ਨੇ ਉਸ ਦੇ ਮਾਪਿਆਂ ਤੋਂ ਤਿੰਨ ਲੱਖ ਰੁਪਿਆ ਵਸੂਲਿਆ, ਜੋ ਉਸ ਦੇ ਮਾਪਿਆਂ ਨੇ ਆਪਣਾ ਮਕਾਨ ਗਹਿਣੇ ਧਰ ਕੇ ਦਿੱਤਾ, ਤਿੰਨ ਮਹੀਨਿਆਂ ਦਾ ਵੀਜ਼ਾ ਲੱਗਣ ਤੋਂ ਬਾਅਦ ਉਸ ਦੀ ਰਿਸ਼ਤੇਦਾਰ ਔਰਤ ਜੋਤੀ ਨੂੰ ਦੁਬਈ ਲੈ ਗਈ, ਲਗਾਤਾਰ 3 ਮਹੀਨੇ ਉਸ ਕੋਲੋਂ ਘਰੇਲੂ ਕੰਮ ਕਾਰ ਕਰਵਾਇਆ, ਰੋਜ਼ਾਨਾ ਉਸ ਨੂੰ ਘਰੋਂ ਹੋਰ ਪੈਸੇ ਮੰਗਵਾਉਣ ਲਈ ਮਜਬੂਰ ਕੀਤਾ ਜਾਂਦਾ, ਰੋਜ਼ਾਨਾ ਬਿਊਟੀ ਪਾਰਲਰ ਦਾ ਰੋਜ਼ਗਾਰ ਦਿਵਾਉਣ ਦਾ ਲਾਰਾ ਲਾਇਆ ਜਾਂਦਾ, ਅਕਸਰ ਉਸ ਨੂੰ ਦੇਹ ਵਪਾਰ ਦੇ ਧੰਦੇ ਲਈ ਡਰਾਵਾ ਦਿੱਤਾ ਜਾਂਦਾ ਅਤੇ ਫਿਰ ਤਿੰਨ ਮਹੀਨੇ ਬਾਅਦ ਉਸ ਨੂੰ ਰੱਬ ਆਸਰੇ ਘਰੋਂ ਕੱਢ ਦਿੱਤਾ ਅਤੇ ਫਿਰ ਸ਼ੁਰੂ ਹੋਈ ਜੋਤੀ ਦੀ ਦੁੱਖਾਂ ਭਰੀ ਨਰਕ ਵਾਲੀ ਦਾਸਤਾਨ, ਕਿਉਂਕਿ ਜੋਤੀ ਨੂੰ ਰੋਜ਼ਾਨਾ ਦਿਨ ਅਤੇ ਰਾਤ ਪਾਰਕ ਵਿਚ ਖੁੱਲੇ ਅਸਮਾਨ ਹੇਠ ਰਹਿਣਾ ਪੈਂਦਾ, ਉਸ ਕੋਲੋਂ ਜੋ ਖਰਚੇ ਲਈ ਪੈਸੇ ਸਨ, ਉਹ ਵੀ ਰਿਸ਼ਤੇਦਾਰ ਔਰਤ ਨੇ ਲੈ ਲਏ, ਹੁਣ ਬਿਨਾਂ ਪੈਸੇ ਤੋਂ ਜੋਤੀ ਲਈ ਸਮਾਂ ਬਤੀਤ ਕਰਨਾ ਔਖਾ ਹੋ ਗਿਆ, ਗਰਮੀ ਦਾ ਮੌਸਮ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਹੋ ਰਿਹਾ, ਪਾਰਕ ਵਿਚ ਸੈਰ ਕਰਨ ਲਈ ਆਉਣ ਵਾਲੀਆਂ ਪੰਜਾਬ, ਪਾਕਿਸਤਾਨ ਜਾਂ ਹੋਰ ਦੇਸ਼ਾਂ ਦੀਆਂ ਲੜਕੀਆਂ ਅਤੇ ਔਰਤਾਂ ਉਸਨੂੰ ਕੁਝ ਖਾਣ ਜਾਂ ਪੀਣ ਲਈ ਦੇ ਦਿੰਦੀਆਂ ਤਾਂ ਉਹ ਲੈ ਲੈਂਦੀ, ਨਹੀਂ ਤਾਂ 12-24 ਜਾਂ 36-36 ਘੰਟੇ ਤੱਕ ਵੀ ਉਸ ਨੂੰ ਭੁੱਖੇ ਰਹਿਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਪਾਰਕ ਤੋਂ ਕਈ ਕਿਲੋਮੀਟਰ ਦੂਰ ਗੁਰਦੁਆਰੇ ਦਾ ਪਤਾ ਲੱਗਣ ਦੇ ਬਾਵਜੂਦ ਉਸ ਕੋਲ ਲੋਕਲ ਬੱਸ ਜਾਂ ਆਟੋ ਦਾ ਕਿਰਾਇਆ ਨਾ ਹੋਣ ਕਰ ਕੇ ਉਹ ਉੱਥੇ ਪੁੱਜਣ ਤੋਂ ਵੀ ਅਸਮਰੱਥ ਰਹੀ, ਕਿਸੇ ਕੋਲੋਂ ਮੋਬਾਇਲ ਫੋਨ ਮੰਗ ਕੇ ਮਾਪਿਆਂ ਨੂੰ ਆਪਣੀ ਸਹੀ ਸਲਾਮਤੀ ਬਾਰੇ ਝੂਠ ਬੋਲ ਕੇ ਢਾਰਸ ਦਿੰਦੀ ਰਹੀ, ਜਦੋਂ ਸਬਰ ਦਾ ਪਿਆਲਾ ਭਰ ਗਿਆ ਅਤੇ ਆਤਮ-ਹੱਤਿਆ ਕਰਨ ਦੀ ਸੋਚੀ ਤਾਂ ਆਸ ਦੀ ਕਿਰਨ ਦਿਸੀ, ਕਿਉਂਕਿ ਡਾ. ਮਨਜੀਤ ਸਿੰਘ ਢਿੱਲੋਂ ਦੇ ਦੋਸਤ ਹਰਭਜਨ ਸਿੰਘ ਮਠਾੜੂ ਦਾ ਫੋਨ ਆਇਆ ਅਤੇ ਉਹ ਜੋਤੀ ਨੂੰ ਆਪਣੇ ਘਰ ਲੈ ਗਿਆ। ਜੋਤੀ ਸਮੇਤ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਵੀਨ ਰਾਣੀ ਨੇ ਹੰਝੂ ਭਰੀਆਂ ਅੱਖਾਂ ਨਾਲ ਰੋ-ਰੋ ਕੇ ਜਿੱਥੇ ਡਾ. ਮਨਜੀਤ ਸਿੰਘ ਢਿੱਲੋਂ ਅਤੇ ਹਰਭਜਨ ਸਿੰਘ ਮਠਾੜੂ ਦਾ ਵਾਰ-ਵਾਰ ਧੰਨਵਾਦ ਕੀਤਾ, ਉੱਥੇ ਰਿਸ਼ਤੇਦਾਰ ਔਰਤ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਤਿੰਨ ਲੱਖ ਰੁਪਿਆ ਪਹਿਲੀ ਵਾਰ ਅਤੇ ਦੋ ਵਾਰ 40-40 ਹਜ਼ਾਰ ਰੁਪਿਆ ਠੱਗ ਔਰਤ ਨੇ ਉਨ੍ਹਾਂ ਕੋਲੋਂ ਬੇਟੀ ਨੂੰ ਬਿਊਟੀ ਪਾਰਲਰ ਦਾ ਰੋਜ਼ਗਾਰ ਦਿਵਾਉਣ ਦੇ ਨਾਂ ’ਤੇ ਵਸੂਲਿਆ, ਜੋ ਉਨ੍ਹਾਂ ਪਹਿਲਾਂ ਆਪਣਾ ਮਕਾਨ ਗਹਿਣੇ ਕੀਤਾ, ਫਿਰ ਮੋਟਰਸਾਈਕਲ ਵੇਚਿਆ ਅਤੇ ਫਿਰ ਕਰਜ਼ਾ ਚੁੱਕ ਕੇ ਉਕਤ ਰਕਮ ਰਿਸ਼ਤੇਦਾਰ ਔਰਤ ਨੂੰ ਦਿੱਤੀ, ਕਿਉਂਕਿ ਦਿਨ-ਰਾਤ ਬੇਟੀ ਦੀ ਚਿੰਤਾ, ਕਾਰੋਬਾਰ ਛੁੱਟ ਗਿਆ, ਦੋਨੋਂ ਬੀਮਾਰ ਰਹਿਣ ਲੱਗ ਪਏ ਅਤੇ ਹਰ ਵੇਲੇ ਬੇਟੀ ਦੀ ਚਿੰਤਾ ਹੀ ਸਤਾਉਂਦੀ ਰਹਿੰਦੀ।

ਇਹ ਵੀ ਪੜ੍ਹੋ : ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕੇ ਐਕਟਿਵਾ ਸਵਾਰ ਮਹਿਲਾ ਤੇ ਵਿਅਕਤੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਦੋਸਤ ਪਲਵਿੰਦਰ ਸ਼ਰਮਾ ਨਾਲ ਸ਼ਹਿਰ ਦੀਆਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਲੀਡਰਾਂ ਅਤੇ ਅਫਸਰਾਂ ਤੋਂ ਵੀ ਸਹਿਯੋਗ ਮੰਗਿਆ ਪਰ ਡਾ. ਮਨਜੀਤ ਸਿੰਘ ਢਿੱਲੋਂ ਉਨ੍ਹਾਂ ਲਈ ਮਸੀਹਾ ਬਣ ਕੇ ਆਇਆ, ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਦੀ ਬੇਟੀ ਸੁਰੱਖਿਅਤ ਵਾਪਸ ਘਰ ਪਰਤੀ ਹੈ। ਡਾ. ਮਨਜੀਤ ਸਿੰਘ ਢਿੱਲੋਂ ਦੱਸਿਆ ਕਿ ਉਸ ਨੇ ਪਿਛਲੇ ਦਿਨੀਂ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਮਲੇਸ਼ੀਆ ਵਿਖੇ ਇਸੇ ਤਰ੍ਹਾਂ ਨਰਕ ਦੇ ਰਸਤੇ ਧਕੇਲ ਦਿੱਤੇ ਗਏ। ਦੋ ਹੋਰ ਨੌਜਵਾਨਾਂ ਨੂੰ ਵੀ ਲੱਖਾਂ ਰੁਪਿਆ ਆਪਣੀ ਜੇਬ ਵਿੱਚੋਂ ਖਰਚ ਕੇ ਬਚਾਇਆ ਸੀ ਅਤੇ ਹੁਣ ਉਹ ਜੋਤੀ ਨੂੰ ਆਪਣੇ ਖਰਚੇ ’ਤੇ ਅਰਥਾਤ ਮੁਫਤ ਨਰਸਿੰਗ ਦੀ ਪੜਾਈ ਕਰਵਾ ਕੇ ਵਿਦੇਸ਼ ਦੀ ਧਰਤੀ ’ਤੇ ਕਾਨੂੰਨੀ ਢੰਗ ਨਾਲ ਭੇਜੇਗਾ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਜੋਤੀ ਦਾ ਭਵਿੱਖ ਸੁਰੱਖਿਅਤ ਹੋਵੇ। ਇਸ ਮੌਕੇ ਉਨ੍ਹਾਂ ਨਾਲ ਬਾਬਾ ਫਰੀਦ ਨਰਸਿੰਗ ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਿਨ ਦਿਹਾੜੇ ਹੋਈ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News