37 ਕਲਸਟਰ ਸਕੂਲਾਂ ''ਚ ਕਰਵਾਏ ਸੁੰਦਰ ਲਿਖਾਈ ਮੁਕਾਬਲੇ
Monday, Feb 12, 2018 - 03:06 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 37 ਕਲਸਟਰ ਸਕੂਲਾਂ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਾਲੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਸ਼ੇ ਨਾਲ ਸੰਬੰਧਤ ਸੁੰਦਰ ਲਿਖਾਈ ਅਤੇ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ 'ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਸਿੱਖਿਆ ਸਕੱਤਰ ਪੰਜਾਬ ਸਰਕਾਰ ਕ੍ਰਿਸ਼ਨ ਕੁਮਾਰ, ਸਹਾਇਕ ਡਾਇਰੈਕਟਰ ਡਾਕਟਰ ਜਰਨੈਲ ਸਿੰਘ ਕਾਲਕੇ ਅਤੇ ਪੜੋ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾਕਟਰ ਦਵਿੰਦਰ ਸਿੰਘ ਬੋਹਾ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਪਹਾੜੇ ਬੋਲਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਮਲਕੀਤ ਸਿੰਘ ਖੋਸਾ, ਮਨਛਿੰਦਰ ਕੌਰ ਪੰਜਾਬ ਜ਼ਿਲਾ ਸਿੱਖਿਆ ਅਫਸਰ ਅਤੇ ਪੜੋ ਪੰਜਾਬ ਪੜਾਓ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਪੱਧਰ 'ਤੇ ਕਰਵਾਏ ਇਨ੍ਹਾਂ ਮੁਕਾਬਲਿਆਂ 'ਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਬੱਚਿਆਂ ਨੇ ਕਲਸਟਰ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲਿਆ। ਜੇਤੂ ਬੱਚਿਆਂ ਦੇ ਬਲਾਕ ਪੱਧਰ ਦੇ ਮੁਕਾਬਲੇ ਹੋਣਗੇ। ਇਨ੍ਹਾਂ ਮੁਕਾਬਲਿਆਂ 'ਚ ਬਲਾਕ ਮਾਸਟਰ ਟਰੇਨਰ ਜਗਜੀਤ ਸਿੰਘ, ਸੰਤੋਸ਼ ਕੁਮਾਰ ਮਲੋਟ, ਰਾਜੀਵ ਪਾਹਵਾ ਸਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਸਮੂਹ 'ਪੜੋ ਪੰਜਾਬ ਪੜਾਓ' ਪੰਜਾਬ ਟੀਮ ਨੇ ਆਪਣਾ ਸਹਿਯੋਗ ਦਿੱਤਾ ।
