ਬਿਜਲੀ ਵਿਭਾਗ ਦੀ ਟੀਮ ਨਾਲ ਕੁੱਟਮਾਰ, ਸਬ-ਸਟੇਸ਼ਨ ਅਟੈਂਡੈਂਟ ਦੀ ਮੌਤ

11/18/2017 7:59:58 AM

ਚੰਡੀਗੜ੍ਹ, (ਸੰਦੀਪ)- ਸੈਕਟਰ-25 ਸਥਿਤ ਜਨਤਾ ਕਾਲੋਨੀ 'ਚ ਡਿਫਾਲਟਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣ ਪਹੁੰਚੀ ਬਿਜਲੀ ਵਿਭਾਗ ਦੀ ਟੀਮ ਦੇ ਨਾਲ ਇਥੇ ਇਕ ਘਰ 'ਚ ਰਹਿਣ ਵਾਲੇ ਨੌਜਵਾਨਾਂ ਨੇ ਕੁੱਟਮਾਰ ਕੀਤੀ। ਕੁੱਟਮਾਰ ਕਰਨ ਦੌਰਾਨ ਮੌਕੇ 'ਤੇ ਬੇਸੁੱਧ ਹੋਏ ਸਬ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਨੂੰ ਇਲਾਜ ਲਈ ਪੀ. ਜੀ. ਆਈ. ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਦੇ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ, ਡੀ. ਐੱਸ. ਪੀ. ਸੈਂਟਰਲ ਰਾਮ ਗੋਪਾਲ, ਡੀ. ਐੱਸ. ਪੀ. ਸਾਊਥ ਦੀਪਕ ਯਾਦਵ ਸਮੇਤ ਕਈ ਥਾਣਾ ਮੁਖੀ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। 
ਬਿਜਲੀ ਵਿਭਾਗ ਦੀ ਟੀਮ 'ਚ ਸ਼ਾਮਲ ਜੇ. ਈ. ਮੱਖਣ ਸਿੰਘ ਨੇ ਦੱਸਿਆ ਕਿ ਇਥੇ ਕਾਲੋਨੀ ਦੇ ਇਕ ਘਰ 'ਚ ਰਹਿਣ ਵਾਲੇ ਵਿਕਾਸ ਤੇ ਅਤੁਲ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪੁਲਸ ਵਿਭਾਗ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਿਕ ਬਿਜਲੀ ਵਿਭਾਗ ਵਲੋਂ ਕਾਰਵਾਈ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ ਸੀ ਤੇ ਨਾ ਹੀ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਕਰਮਚਾਰੀਆਂ ਨੂੰ ਨਾਲ ਲਿਜਾਇਆ ਗਿਆ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਹਰਵਿੰਦਰ ਸਿੰਘ ਦੇ ਸਰੀਰ 'ਤੇ ਕਿਸੇ ਵੀ ਸੱਟ ਦਾ ਨਿਸ਼ਾਨ ਨਹੀਂ ਹੈ। ਪੁਲਸ ਘਟਨਾ ਵਾਲੀ ਥਾਂ ਤੇ ਆਸ-ਪਾਸ ਦੇ ਏਰੀਏ ਦੇ ਸੀ. ਸੀ. ਟੀ. ਵੀ. ਫੁਟੇਜ ਖੰਘਾਲ ਰਹੀ ਹੈ। 
ਮਾਮਲੇ ਦੀ ਜਾਂਚ ਤੇ ਵਿਭਾਗੀ ਅਧਿਕਾਰੀਆਂ ਦੇ ਬਿਆਨ ਮਗਰੋਂ ਬਣਦੀ ਧਾਰਾ 'ਚ ਐੱਫ. ਆਈ. ਆਰ. ਦਰਜ ਕੀਤੀ ਜਾਏਗੀ, ਉਥੇ ਹੀ ਮ੍ਰਿਤਕ ਦਾ ਪੋਸਟਮਾਰਟਮ ਮੈਡੀਕਲ ਬੋਰਡ ਤੋਂ ਕਰਵਾਉਣ ਦੀ ਅਪੀਲ ਕੀਤੀ ਜਾਏਗੀ।
53 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਸੀ ਬਾਕੀ
ਬਿਜਲੀ ਵਿਭਾਗ ਦੀ ਟੀਮ 'ਚ ਸ਼ਾਮਲ ਜੇ. ਈ. ਮੱਖਣ ਸਿੰਘ ਨੇ ਦੱਸਿਆ ਕਿ ਕਾਲੋਨੀ 'ਚ ਰਹਿਣ ਵਾਲੇ ਡਿਫਾਲਟਰਾਂ ਨੇ ਕਾਫੀ ਸਮੇਂ ਤੋਂ ਆਪਣੇ ਬਿਜਲੀ ਦੇ ਬਿੱਲ ਜਮ੍ਹਾ ਨਹੀਂ ਕੀਤੇ ਸਨ। ਉਨ੍ਹਾਂ ਦੇ ਕੁਨੈਕਸ਼ਨ ਕੱਟਣ ਲਈ ਐੱਸ. ਡੀ. ਓ. ਅਰਵਿੰਦ ਯਾਦਵ ਦੀ ਅਗਵਾਈ 'ਚ ਉਨ੍ਹਾਂ ਦੀ 8-10 ਮੈਂਬਰਾਂ ਦੀ ਟੀਮ ਕਾਲੋਨੀ 'ਚ ਪਹੁੰਚੀ ਸੀ। ਇਸ ਦੌਰਾਨ ਉਹ ਇਕ ਘਰ 'ਚ ਪਹੁੰਚੇ, ਜਿਨ੍ਹਾਂ ਦਾ ਕਰੀਬ 53 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਬਕਾਇਆ ਸੀ। ਉਹ ਉਨ੍ਹਾਂ ਦੇ ਘਰ ਦਾ ਕੁਨੈਕਸ਼ਨ ਕੱਟਣ ਆਏ ਸਨ, ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਦੋ ਨੌਜਵਾਨਾਂ ਵਿਕਾਸ ਤੇ ਅਤੁਲ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਹ ਦੋਵੇਂ ਬਾਹਰ ਆ ਕੇ ਐੱਸ. ਡੀ. ਓ. ਅਰਵਿੰਦ ਯਾਦਵ ਦੇ ਨਾਲ ਹੱਥੋਪਾਈ ਕਰਨ ਲੱਗੇ।
ਇਹ ਵੇਖ ਟੀਮ ਦੇ ਹੋਰ ਮੈਂਬਰਾਂ, ਜਿਨ੍ਹਾਂ 'ਚ ਸਬ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਵੀ ਸ਼ਾਮਲ ਸੀ, ਨੌਜਵਾਨਾਂ ਦਾ ਵਿਰੋਧ ਕਰਨ ਲੱਗਾ। ਇਸ ਦੌਰਾਨ ਦੋਵੇਂ ਨੌਜਵਾਨਾਂ ਨੇ ਹਰਵਿੰਦਰ ਦੇ ਨਾਲ ਜੰਮ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਟੀਮ ਦੇ ਮੈਂਬਰਾਂ ਨੇ ਇਧਰ-ਉਧਰ ਨਿਕਲ ਕੇ ਆਪਣੀ ਜਾਨ ਬਚਾਈ ਤੇ ਪੁਲਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਹਰਵਿੰਦਰ ਉਥੋਂ ਨਿਕਲ ਕੇ ਸੜਕ 'ਤੇ ਪਹੁੰਚਿਆ। ਉਹ ਸੜਕ 'ਤੇ ਕੁਝ ਹੀ ਦੂਰ ਗਿਆ ਸੀ ਕਿ ਅਚਾਨਕ ਬੇਸੁੱਧ ਹੋ ਕੇ ਹੇਠਾਂ ਡਿਗ ਪਿਆ। ਉਸ ਨੂੰ ਇਲਾਜ ਲਈ ਪੀ. ਜੀ. ਆਈ. ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


Related News