8 ਘਰਾਂ ’ਤੇ ਹਮਲਾ ਕਰ ਕੇ ਸਮਾਨ ਦੀ ਕੀਤੀ ਭੰਨ-ਤੋੜ
Saturday, Jan 11, 2025 - 01:34 PM (IST)
ਗੋਨਿਆਣਾ (ਗੋਰਾ ਲਾਲ) : ਥਾਣਾ ਨੇਹੀਆਂਵਾਲਾ ਦੇ ਅਧੀਨ ਆਉਂਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਬਾਬਾ ਜੀਵਨ ਸਿੰਘ ਵਾਲਾ ਵਿਖੇ ਬੀਤੀ ਰਾਤ 100 ਦੇ ਕਰੀਬ ਗੁੰਡਾ ਅਨਸਰਾਂ ਨੇ 8 ਘਰਾਂ ’ਤੇ ਹਮਲਾ ਕਰ ਕੇ ਕੁੱਟਮਾਰ ਕਰਕੇ ਸਾਮਾਨ ਦੀ ਭੰਨ ਤੋੜ ਕੀਤੀ। ਘਰਾਂ ਨੂੰ ਅੱਗ ਲਗਾਈ ਅਤੇ ਬੱਕਰੀਆਂ, ਨਕਦੀ, ਗਹਿਣੇ ਅਤੇ ਹੋਰ ਸਾਮਾਨ ਵੀ ਚੋਰੀ ਕਰਕੇ ਲਜਾਉਣ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਗੋਨਿਆਣਾ ਵਿਖੇ ਜ਼ੇਰੇ ਇਲਾਜ ਜਸਪ੍ਰੀਤ ਸਿੰਘ, ਰੂਪ ਸਿੰਘ, ਕੇਵਲ ਸਿੰਘ, ਦਲੀਪ ਸਿੰਘ ਅਤੇ ਪ੍ਰਗਟ ਸਿੰਘ ਅਤੇ ਘਰ ਦੀਆਂ ਔਰਤਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਦੋ ਵਿਅਕਤੀ ਚਿੱਟਾ ਵੇਚਦੇ ਸਨ, ਜਿਨ੍ਹਾਂ ਨੂੰ ਅਸੀਂ ਅਜਿਹਾ ਕੰਮ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਸਾਡੀ ਕੁੱਟਮਾਰ ਕੀਤੀ।
ਆਪਸੀ ਖੁੰਦਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਬੀਤੀ ਰਾਤ ਨੂੰ 12 ਕੁ ਵਜੇ ਦੇ ਕਰੀਬ 80 ਸਾਥੀਆਂ ਨੂੰ ਨਾਲ ਲੈ ਕੇ ਤਿੱਖੇ ਹਥਿਆਰਾਂ ਨਾਲ ਲੈਸ਼ ਹੋ ਕੇ ਸਾਡੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਵਿਅਕਤੀਆਂ ਨੇ ਸਾਡੀ ਕਿਰਪਾਨਾਂ ਅਤੇ ਹੋਰ ਤਿੱਖੇ ਹਥਿਆਰਾਂ ਨਾਲ ਕੁੱਟਮਾਰ ਕਰਦਿਆਂ ਸਾਨੂੰ ਖੂਨ ਨਾਲ ਲੱਥਪਥ ਕਰ ਕੇ ਸੁੱਟ ਦਿੱਤਾ ਅਤੇ ਬਾਅਦ ਵਿਚ ਸਾਡੇ ਘਰਾਂ ਵਿਚਲੇ ਸਾਮਾਨ ਦੀ ਭੰਨ ਤੋੜ ਕੀਤੀ ਤੇ ਘਰ ਵਿਚ ਪਏ ਕੱਪੜੇ, ਫਰਿੱਜ, ਟੀ.ਵੀ., ਕੂਲਰ, ਸਿਲੰਡਰ ਅਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਤੇ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਕੁੱਟਮਾਰ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ। ਪੀੜਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੇ ਸਿਰ, ਬਾਂਹ, ਕੰਨ, ਲੱਤ ਅਤੇ ਸਰੀਰ ਦੇ ਹੋਰ ਅੰਗਾਂ ਉਪਰ ਡੂੰਘੀਆਂ ਸੱਟਾਂ ਲੱਗੀਆਂ ਹਨ। ਕੁੱਝ ਘਰਾਂ ਦੀਆਂ ਛੱਤਾਂ ਦੇ ਬਾਲੇ ਮਚ ਕੇ ਸੁਆਹ ਹੋ ਗਏ ਤੇ ਛੱਤਾਂ ਵੀ ਡਿੱਗ ਪਈਆਂ। ਉਕਤ ਘਟਨਾ ਕਾਰਨ ਪਿੰਡ ਦਾਨ ਸਿੰਘ ਵਾਲਾ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਪਿਆ ਹੈ।