ਦੁਕਾਨ ''ਚ ਵੜ ਕੇ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ, ਦੋਵੇਂ ਗੰਭੀਰ ਫੱਟੜ

Wednesday, Aug 18, 2021 - 04:29 PM (IST)

ਦੁਕਾਨ ''ਚ ਵੜ ਕੇ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ, ਦੋਵੇਂ ਗੰਭੀਰ ਫੱਟੜ

ਨਾਭਾ (ਜੈਨ) : ਇੱਥੇ ਅਲੌਹਰਾਂ ਗੇਟ ਵਿਖੇ ਪੇਂਟ ਦੀ ਦੁਕਾਨ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦੁਕਾਨ ਵਿਚ ਪਿਓ-ਪੁੱਤ ਦੀ ਕਿਰਪਾਨਾਂ, ਡਾਂਗਾ ਤੇ ਰਾਡਾਂ ਨਾਲ ਕੁੱਟਮਾਰ ਕੀਤੀ ਗਈ। ਮੁਹੱਲਾ ਸੰਗਤਪੁਰਾ ਦੇ ਵਸਨੀਕ ਪ੍ਰਵੀਨ ਕੁਮਾਰ ਮਿੱਤਲ (ਸਮਾਜ ਸੇਵਕ) ਦੇ ਪੁੱਤਰ ਰਿਸ਼ੂ ਮਿੱਤਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਸਮੇਤ ਪੇਂਟ ਦੀ ਦੁਕਾਨ ਵਿਚ ਬੈਠੇ ਸਨ ਕਿ ਕੁੱਝ ਵਿਅਕਤੀਆਂ ਨੇ ਦੁਕਾਨ ਵਿਚ ਦਾਖ਼ਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁੰਡਾਗਰਦੀ ਦਾ ਨਾਚ ਕਰਦਿਆਂ ਹਮਲਾਵਰਾਂ ਨੇ ਸਮਾਨ ਦੀ ਭੰਨਤੋੜ ਕੀਤੀ ਅਤੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ।

ਇਸ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਕੋਤਵਾਲੀ ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਰਿਸ਼ੂ ਤੇ ਪ੍ਰਵੀਨ ਮਿੱਤਲ (ਗੋਗੀ) ਦੋਵੇਂ ਕੁੱਟਮਾਰ ਵਿਚ ਗੰਭੀਰ ਫੱਟੜ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕੋਤਵਾਲੀ ਪੁਲਸ ਨੇ ਅਜੇ, ਟੋਨੀ, ਰਵੀ, ਕਾਟੂ ਵਾਸੀ ਅਲੌਹਰਾਂ ਗੇਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਵਾਰਦਾਤ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਅਨੁਸਾਰ ਅਮਨ ਕਾਨੂੰਨ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


author

Babita

Content Editor

Related News