ਪੰਜਾਬ ਪੁਲਸ ਮੁੜ ਸੁਰਖੀਆਂ 'ਚ : ਦਲਿਤ ਪਰਿਵਾਰ ਦੇ ਨੌਜਵਾਨ 'ਤੇ ਢਾਹਿਆ ਕਹਿਰ
Monday, Sep 30, 2019 - 04:57 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪੰਜਾਬ ਪੁਲਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਇਸੇ ਤਹਿਤ ਲੰਬੀ ਦੇ ਪਿੰਡ ਕਖਾਵਾਲੀ 'ਚ ਰਹਿਣ ਵਾਲੇ ਇਕ ਗਰੀਬ ਦਲਿਤ ਪਰਿਵਾਰ ਨੇ ਲੰਬੀ ਦੀ ਪੁਲਸ 'ਤੇ ਉਨ੍ਹਾਂ ਦੇ ਪੁੱਤਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਨੌਜਵਾਨ ਤੇਜਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਕਿਸੇ ਦੇ ਘਰ ਚੋਰੀ ਹੋਈ ਸੀ, ਜਿਸ ਦੇ ਸਬੰਧ 'ਚ ਲੰਬੀ ਦੀ ਪੁਲਸ ਨੇ ਕੁਝ ਨੌਜਵਾਨਾਂ ਨੂੰ ਥਾਣੇ 'ਚ ਬੰਦ ਕਰ ਦਿੱਤਾ ਸੀ। ਥਾਣੇ 'ਚ ਬੰਦ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਦਕਿ ਉਕਤ ਨੌਜਵਾਨਾਂ ਦਾ ਇਸ ਚੋਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜਿਸ ਦੇ ਬਾਵਜੂਦ ਪੁਲਸ ਨੇ ਉਨ੍ਹਾਂ 'ਤੇ ਕਹਿਰ ਢਾਹਿਆ।
ਤੇਜਵਿੰਦਰ ਨੇ ਕਿਹਾ ਕਿ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਪਰ ਉਹ ਅਜੇ ਤੱਕ ਚੱਲ ਨਹੀਂ ਸਕਦਾ। ਦੂਜੇ ਪਾਸੇ ਪੀੜਤ ਦੇ ਪਿਤਾ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਸ ਨੇ ਬਿਨਾਂ ਕਿਸੇ ਸਬੂਤ ਅਤੇ ਗਲਤੀ ਤੋਂ ਕਾਬੂ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਰਿਵਾਰ ਨੇ ਡੀ.ਐੱਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।