ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Sunday, Oct 29, 2017 - 11:40 AM (IST)
ਬੱਧਨੀ ਕਲਾਂ (ਬੱਬੀ) - ਪਿੰਡ ਦੌਧਰ ਸ਼ਰਕੀ ਦੇ ਇਕ ਵਿਅਕਤੀ, ਜਿਸ ਦੀ ਉਮਰ ਕਰੀਬ 32 ਸਾਲ ਹੈ, ਨੂੰ ਉਸ ਦੇ ਤਾਏ ਦੇ ਲੜਕੇ ਵੱਲੋਂ ਜਬਰੀ ਉਸ ਦੇ ਘਰ ਦਾਖਲ ਹੋ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੀੜਤ ਵਿਅਕਤੀ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦੌਧਰ ਸ਼ਰਕੀ ਪੱਤੀ ਰਾਜਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਬਿੱਟੂ ਸਿੰਘ, ਜਿਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਹੱਥ 'ਚ ਪਟਾਕੇ ਚਲਾਉਣ ਵਾਲੀ ਲੋਹੇ ਦੀ ਪਾਈਪ ਫ਼ੜੀ ਹੋਈ ਸੀ, ਜਬਰੀ ਉਸ ਦੇ ਘਰ ਦਾਖਲ ਹੋਇਆ ਹੈ ਅਤੇ ਮੇਰੀ ਪਤਨੀ ਪਰਮਜੀਤ ਕੌਰ ਦੇ ਮੂੰਹ ਕੋਲ ਜਾ ਕੇ ਪਟਾਕਾ ਚਲਾ ਦਿੱਤਾ। ਇਸ ਦੌਰਾਨ ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਘਰੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਲੋਹੇ ਦੀ ਉਕਤ ਪਾਈਪ ਮੇਰੇ ਸਿਰ 'ਚ ਮਾਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਮੈਂ ਥੱਲੇ ਡਿੱਗ ਪਿਆ ਪਰ ਉਹ ਮੈਨੂੰ ਫਿਰ ਵੀ ਬੇਰਹਿਮੀ ਨਾਲ ਕੁੱਟਦਾ ਰਿਹਾ ਅਤੇ ਜਦੋਂ ਮੇਰੀ ਪਤਨੀ ਨੇ ਅੱਗੇ ਆ ਕੇ ਮੈਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਨੂੰ ਵੀ ਧੱਕੇ ਮਾਰੇ ਤੇ ਮੇਰਾ ਮੋਟਰਸਾਈਕਲ ਵੀ ਭੰਨ ਦਿੱਤਾ। ਮੇਰੇ ਵੱਲੋਂ ਰੌਲਾ ਪਾਉਣ 'ਤੇ ਦੋਸ਼ੀ ਫਰਾਰ ਹੋ ਗਿਆ ਅਤੇ ਮੈਨੂੰ ਮੇਰੇ ਪਰਿਵਾਰ ਨੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ। ਪੀੜਤ ਵਿਅਕਤੀ ਦੇ ਬਿਆਨਾਂ 'ਤੇ ਥਾਣਾ ਬੱਧਨੀ ਕਲਾਂ ਵਿਖੇ ਬਿੱਟੂ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਦੌਧਰ ਸ਼ਰਕੀ ਰਾਜਾ ਪੱਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
