ਬਾਊਪੁਰ ਵਿਖੇ ਬਿਆਸ ਦਰਿਆ ਦਾ ਪਾਣੀ ਵਧਿਆ, 16 ਪਿੰਡਾਂ ਲਈ ਬਣੀ ਮੁਸੀਬਤ (ਤਸਵੀਰਾਂ)

07/17/2019 2:05:23 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਬੀਤੇ 3 ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਛੱਡੇ ਗਏ ਪਾਣੀ ਕਾਰਨ ਮੰਡ ਬਾਊਪੁਰ ਨਾਲ ਲਗਦੇ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵੱਧ ਗਿਆ ਹੈ, ਜਿਸ ਕਾਰਨ ਦਰਿਆ ਤੋਂ ਪਾਰ ਟਾਪੂ 'ਤੇ ਵੱਸਦੇ ਬਾਊਪੁਰ ਸਣੇ 16 ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਲੋਕਾਂ ਦੀ ਸਹੂਲਤ ਵਾਸਤੇ ਸਰਕਾਰ ਵੱਲੋਂ ਬਣੇ ਪਲਟੂਨ ਪੁਲ ਤੋਂ ਆਵਾਜਾਈ ਹੋ ਰਹੀ ਹੈ। ਜੇਕਰ ਦਰਿਆ ਦਾ ਪੱਧਰ ਇਸੇ ਤਰ੍ਹਾਂ ਵਧ ਹੁੰਦਾ ਰਿਹਾ ਤਾਂ ਪ੍ਰਸ਼ਾਸਨ ਇਸ ਨੂੰ ਕਿਸੇ ਸਮੇਂ ਵੀ ਹਟਾਉਣ ਦੇ ਹੁਕਮ ਜਾਰੀ ਕਰ ਸਕਦਾ। ਪਤਾ ਲੱਗਾ ਹੈ ਕਿ ਪਲਟੂਨ ਪੁਲ ਨੂੰ 20 ਜੁਲਾਈ ਤੱਕ ਖੋਲ੍ਹਿਆ ਜਾ ਸਕਦਾ ਹੈ। ਸਹੂਲਤਾਂ ਤੋਂ ਸੱਖਣੇ ਸਬੰਧਤ ਇਲਾਕੇ ਦੇ ਵਾਸੀ ਪ੍ਰੇਸ਼ਾਨ ਹਨ ਕੀ ਪਲਟੂਨ ਪੁਲ ਦੇ ਹਟਣ ਤੋਂ ਬਾਅਦ ਉਨ੍ਹਾਂ ਦਾ ਕੀ ਬਣੇਗਾ?

PunjabKesari

ਪੁਲ ਨੂੰ ਹਟਾਉਣ ਤੋਂ ਪਹਿਲਾਂ ਦਿੱਤੀਆਂ ਜਾਣ ਬੇੜੀਆਂ
ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸਵਰਣ ਸਿੰਘ ਬਾਊਪੁਰ, ਸਾਬਕਾ ਸਰਪੰਚ ਸਲਵਿੰਦਰ ਸਿੰਘ, ਅਮਰੀਕ ਸਿੰਘ, ਬਲਜੀਤ ਸਿੰਘ ਰਾਮ ਪੁਰ ਗੋਰੇ, ਸੁਖਚੈਨ ਸਿੰਘ, ਸੁਖਪ੍ਰੀਤ ਸਿੰਘ ਸੁੱਖਾ ਆਦਿ ਕਿਸਾਨਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਤੋਂ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਵਾਜਾਈ ਵਾਸਤੇ ਪਲਟੂਨ ਪੁਲ ਮੁੱਖ ਸਾਧਨ ਹੈ। ਜਿਸ ਦੇ ਹਟਣ ਤੋਂ ਬਾਅਦ 16 ਪਿੰਡਾਂ ਦੇ ਵਾਸੀਆਂ ਨੂੰ ਬੇੜੀਆਂ ਦੀ ਜ਼ਰੂਰਤ ਪਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਦਿੱਤੀ ਗਈ ਬੇੜੀ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਉਸ 'ਚ ਸਵਾਰ ਹੋ ਕੇ ਪਾਰ ਜਾਣਾ ਜਾਨ-ਲੇਵਾ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲ ਨੂੰ ਹਟਾਉਣ ਤੋਂ ਪਹਿਲਾਂ ਜੇਕਰ ਪ੍ਰਸ਼ਾਸਨ ਵੱਲੋਂ ਬਦਲਵੇਂ ਪ੍ਰਬੰਧਾਂ ਵਜੋਂ ਬੇੜੀਆਂ ਨਾ ਦਿੱਤੀਆਂ ਗਈਆਂ ਤਾਂ ਸਾਨੂੰ ਦਰਿਆ ਪਾਰ ਕਰ ਕੇ ਆਪਣੇ ਘਰਾਂ 'ਚ ਜਾਣਾ ਔਖਾ ਹੋ ਜਾਵੇਗਾ।

PunjabKesari
ਉਨ੍ਹਾਂ ਦੱਸਿਆ ਕਿ ਇਥੇ ਪਾਣੀ ਦਾ ਪੱਧਰ ਵੱਧਣ ਨਾਲ ਜਿੱਥੇ 16 ਪਿੰਡਾਂ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ, ਉਥੇ ਪਿਛੇ ਕਈ ਥਾਵਾਂ 'ਤੇ ਦਰਿਆ ਦੀ ਢਾਅ ਲੱਗਣ ਨਾਲ ਕਿਸਾਨਾਂ ਦੀ ਜ਼ਮੀਨ ਵੀ ਰੁੜਣ ਦੇ ਹਾਲਾਤ ਬਣਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਜੇ ਤੱਕ ਕੋਈ ਵੀ ਜ਼ਮੀਨੀ ਕਾਰਵਾਈ ਦਿਖਾਈ ਨਹੀਂ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਖਸਤਾ ਬੇੜੀ ਦਾ ਚੱਲਣਾ ਔਖਾ ਹੋ ਜਾਵੇਗਾ, ਜਿਸ ਕਰ ਕੇ ਆਉਣ-ਜਾਣ ਵਾਲੇ ਕਿਸਾਨਾਂ ਨੂੰ ਆਪਣੀ ਜਾਨ ਤਲੀ 'ਤੇ ਧਰ ਕੇ ਦਰਿਆ ਪਾਰ ਕਰਨਾ ਪਵੇਗਾ।

PunjabKesari

ਮੋਟਰਬੋਟਾਂ, ਲਾਈਫ ਜੈਕਟਾਂ ਅਤੇ ਮੈਡੀਕਲ ਸੁਵਿਧਾਵਾਂ ਦੇਣ ਦੀ ਮੰਗ
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਇਲਾਕੇ ਦੇ 100 ਤੋਂ ਵਧੇਰੇ ਬੱਚੇ ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਰੋਜ਼ਾਨਾ ਪੜ੍ਹਨ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੋਟਰਬੋਟਾਂ ਅਤੇ ਲਾਈਫ ਜੈਕਟਾਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਬਰਸਾਤਾਂ ਦੇ ਦਿਨਾਂ 'ਚ ਲੋਕਾਂ ਦੀ ਸਹਾਇਤਾ ਲਈ ਇਸ ਪੱਤਣ ਤੋਂ ਆਰ-ਪਾਰ ਲੰਘਣ ਵਾਸਤੇ ਇਕ ਮੋਟਰਬੋਟ ਦਿੱਤੀ ਗਈ ਸੀ, ਉਹ ਸਰਕਾਰੀ ਮੋਟਰ ਬੋਟ ਅਜੇ ਤੱਕ ਕਿਤੇ ਨਜ਼ਰ ਨਹੀਂ ਆਈ ਰਹੀ ਹੈ। ਉਨ੍ਹਾਂ ਇਲਾਕੇ 'ਚ ਪੱਕੇ ਤੌਰ 'ਤੇ ਮੈਡੀਕਲ ਸਹੂਲਤਾਂ ਦੇਣ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੀਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਬਿਆਸ 'ਚ ਵਧ ਰਹੇ ਪਾਣੀ ਤੇ ਬਾਊਪੁਰ ਟਾਪੂ ਉੱਤੇ ਵੱਸਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਥੇ ਜਲਦੀ ਰੈਸਕਿਊ ਟੀਮਾਂ ਅਤੇ ਮੋਟਰਬੋਟਾਂ ਭੇਜਣ ਦੀ ਵੀ ਮੰਗ ਕੀਤੀ ਹੈ, ਤਾਂ ਜੋ ਲੋੜ ਪੈਣ 'ਤੇ ਲੋਕ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਥਾਵਾਂ 'ਤੇ ਜਾ ਸਕਣ।

PunjabKesari

ਲੋਕਾਂ ਦੀ ਸਹੂਲਤ ਦੇ ਸਾਰੇ ਪ੍ਰਬੰਧ ਮੁਕੰਮਲ : ਐੱਸ. ਡੀ. ਐੱਮ.
ਇਸ ਸਬੰਧੀ ਐੱਸ. ਡੀ. ਐੱਮ. ਨਵਨੀਤ ਕੌਰ ਬੱਲ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਦਰਿਆ ਬਿਆਸ 'ਚ ਇਸ ਵੇਲੇ 17 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਇਸ ਵਾਸਤੇ ਖਤਰੇ ਦੀ ਕੋਈ ਗੱਲ ਨਹੀਂ। ਬਾਕੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਸ ਪਾਸ ਲੋਕਾਂ ਦੀ ਸਹੂਲਤ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਜਿਨ੍ਹਾਂ ਨੂੰ ਜਲਦੀ ਹੀ ਲੋਕਾਂ ਤਕ ਪੁੱਜਦਾ ਕਰ ਦਿੱਤਾ ਜਾਵੇਗਾ।


shivani attri

Content Editor

Related News