ਜੰਗਲੀ ਜੀਵ ਵਿਭਾਗ ਵੱਲੋਂ ਬਿਆਸ ਦਰਿਆ 'ਚ ਛੱਡੀਆਂ 1 ਲੱਖ ਮੱਛੀਆਂ
Thursday, Jul 19, 2018 - 05:51 PM (IST)
ਟਾਂਡਾ (ਮੋਮੀ)— ਬੀਤੇ ਸਮੇਂ ਦੌਰਾਨ ਬਿਆਸ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਮਰੀਆਂ ਅਨੇਕਾਂ ਹੀ ਮੱਛੀਆਂ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਤਹਿਤ ਅੱਜ ਟਾਂਡਾ ਨੇੜੇ ਬਿਆਸ ਦਰਿਆ 'ਚ ਕਰੀਬ 1 ਲੱਖ ਮੱਛੀਆਂ ਦਰਿਆ 'ਚ ਛੱਡੀਆਂ ਗਈਆਂ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਚੀਫ ਵਾਈਲਡ ਵਾਰਡਨ ਡਾ. ਕੁਲਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਫ. ਓ. ਡਾ. ਗੁਰਸ਼ਰਨ ਸਿੰਘ ਸੈਣੀ ਦੀ ਅਗਵਾਈ 'ਚ ਵਿਭਾਗ ਦੀ ਟੀਮ ਵੱਲੋਂ ਬਣਾਏ ਗਏ ਤਿੰਨ ਵੱਖ-ਵੱਖ ਪੁਆਇੰਟ ਭੇਟ ਪੱਤਣ, ਬਿਆਸ ਅਤੇ ਟਾਹਲੀ ਵਿਖੇ 35-35 ਹਜ਼ਾਰ ਮੱਛੀਆਂ ਛੱਡੀਆਂ ਗਈਆਂ।
ਜ਼ਿਲਾ ਅਫਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜੰਗਲੀ ਜੀਵ ਵਿਭਾਗ ਵੱਲੋਂ 15 ਅਗਸਤ ਤੱਕ ਕਰੀਬ 5 ਲੱਖ ਮੱਛੀਆਂ ਬਿਆਸ ਦਰਿਆ 'ਚ ਛੱਡ ਕੇ ਮਰੀਆਂ ਹੋਈਆਂ ਮੱਛੀਆਂ ਦੀ ਪੂਰਤੀ ਕੀਤੀ ਜਾਵੇਗੀ। ਇਸ ਮੌਕੇ ਆਨਰੇਰੀ ਵਾਰਡਨ ਕੰਵਰ ਚੌਧਰੀ, ਰੇਂਜ ਅਫਸਰ ਰਾਮਦਾਸ, ਬਲਾਕ ਅਫਸਰ ਹਰਜਿੰਦਰ ਸਿੰਘ, ਨਵਜੋਤ ਕੌਰ ਆਦਿ ਹਾਜ਼ਰ ਸਨ।
