ਬਿਆਸ ਰੇਪ ਕਾਂਡ ਮਾਮਲੇ ''ਚ ਨਵਾਂ ਮੋੜ, ਰੇਪ ਪੀੜਤ ਐਕਸ਼ਨ ਕਮੇਟੀ ਦਾ ਵੱਡਾ ਖੁਲਾਸਾ
Wednesday, Jan 08, 2020 - 06:43 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬਿਆਸ ਰੇਪ ਕਾਂਡ ਮਾਮਲੇ ਵਿਚ ਪੁਲਸ ਨੇ ਹੁਣ ਸਕੂਲ ਮੈਨੇਜਮੈਂਟ ਵਿਰੁਧ ਕਾਰਵਾਈ ਕਰਦਿਆਂ ਸਕੂਲ ਦੇ ਡਾਇਰੈਕਟਰ ਫਾਦਰ ਲਾਰੈਂਸ ਪੋਜਦੀ, ਪਿੰ੍ਰਸੀਪਲ ਰੋਸਲੀ ਤੇ ਕਲਾਸ ਅਧਿਆਪਕ ਪਿੰਦਰਜੀਤ ਕੌਰ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਹੈ। ਖੁਲਾਸਾ ਕਰਦਿਆਂ ਅੱਜ ਰੇਪ ਪੀੜਤ ਐਕਸ਼ਨ ਕਮੇਟੀ ਦੇ ਸਮੂਹ ਮੈਂਬਰਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਪੁਲਸ ਨੇ ਪਹਿਲਾਂ ਤੋਂ ਹੀ ਦਰਜ ਮੁਕੱਦਮਾ ਨੰਬਰ 257 ਦੇ ਜ਼ੁਰਮ 'ਚ ਵਾਧਾ ਕਰਦਿਆਂ ਸਕੂਲ ਮੈਨੇਜਮੈਂਟ ਵਿਰੁਧ ਕਾਰਵਾਈ ਕਰਦਿਆਂ ਸਕੂਲ ਦੇ ਡਾਇਰੈਕਟਰ, ਪਿੰ੍ਰਸੀਪਲ ਤੇ ਕਲਾਸ ਟੀਚਰ ਵਿਰੁੱਧ ਧਾਰਾ ਆਈ. ਪੀ. ਸੀ.376,120 ਬੀ, 201, ਪੋਸਕੋ 6, 8 ਅਤੇ 21 ਅਧੀਨ ਮਾਮਲਾ ਦਰਜ ਕੀਤਾ ਹੈ। ਜਿਸ ਨਾਲ ਰੇਪ ਪੀੜਤ ਐਕਸ਼ਨ ਕਮੇਟੀ ਨੂੰ ਕੁਝ ਇਨਸਾਫ ਮਿਲਿਆ ਹੈ।
ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਹਾਜ਼ਰ ਸੁਰਜੀਤ ਸਿੰਘ ਕੰਗ, ਕਮਲਦੀਪ ਸਿੰਘ, ਰਾਜਵਿੰਦਰ ਸਿੰਘ ਗੋਲਡਨ, ਬੀਬੀ ਜਗੀਰ ਕੌਰ, ਗੁਰਮੀਤ ਕੌਰ ਬੱਲ, ਆਰਤੀ ਜੋਸ਼ੀ, ਬੀਬੀ ਅਮਨਦੀਪ ਕੌਰ, ਹਰਜੀਤ ਕੌਰ, ਕਰਮ ਸਿੰਘ ਬੱਲਸਰਾਂ, ਜਸਵਿੰਦਰ ਸਿੰਘ, ਚਰਨ ਸਿੰਘ ਕਲੇਰ ਘੁਮਾਣ, ਸੁਖਰਾਜ ਸਿੰਘ, ਕਸ਼ਮੀਰ ਸਿੰਘ, ਜਲਵਿੰਦਰ ਸਿੰਘ ਤੇ ਜਗੀਰ ਸਿੰਘ ਆਦਿ ਨੇ ਇਸ ਨੂੰ ਆਮ ਲੋਕਾਂ ਦੀ ਇਕ ਵੱਡੀ ਜਿੱਤ ਦੱਸਦੇ ਹੋਏ ਕਿਹਾ ਕਿ ਇਸ ਕਾਂਡ ਨਾਲ ਸਬੰਧਤ ਹੋਰਨਾਂ 'ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ 21 ਦਸੰਬਰ ਨੂੰ ਦਰਜ ਹੋਏ ਇਸ ਮਾਮਲੇ ਦੇ ਬਾਵਜੂਦ ਕਥਿਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਜੇਕਰ ਉਨ੍ਹਾਂ ਨੂੰ ਆਉਦੇ ਦਿਨਾਂ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਮੁੜ ਤੋਂ ਸੰਘਰਸ਼ ਵਿੱਢਣਗੇ, ਉਨ੍ਹਾਂ ਮੰਗ ਕੀਤੀ ਕਿ ਇਸ ਸਕੂਲ ਦਾ ਪ੍ਰਬੰਧ ਪ੍ਰਸ਼ਾਸਨ ਆਪਣੇ ਹੱਥਾਂ ਵਿਚ ਲਵੇ।