ਫਤਿਹਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੇ ਮਾਮਲੇ ਦਾ ਮੁਲਜ਼ਮ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ

Wednesday, Oct 28, 2020 - 02:00 PM (IST)

ਫਤਿਹਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੇ ਮਾਮਲੇ ਦਾ ਮੁਲਜ਼ਮ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ)— ਫਤਿਹਗੜ੍ਹ ਸਾਹਿਬ ਦੇ ਦੋ ਵੱਖ-ਵੱਖ ਪਿੰਡਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਸਹਿਜਵੀਰ ਸਿੰਘ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ 'ਚ ਪੇਸ਼ੀ ਕੀਤੀ ਗਈ। ਇਥੇ ਦੱਸ ਦੇਈਏ ਕਿ ਮੁਲਜ਼ਮ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਅੱਜ ਤੀਜੀ ਪੇਸ਼ੀ ਸੀ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ: ਜੀ. ਐੱਨ. ਏ. ਗਰੁੱਪ ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਖ਼ੁਦ ਨੂੰ ਮਾਰੀ ਗ਼ੋਲੀ
ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੁਲਸ ਵੱਲੋਂ ਮੁਲਜ਼ਮ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ 26 ਅਕਤੂਬਰ ਨੂੰ ਮਾਣਯੋਗ ਅਦਾਲਤ 'ਚ ਦਰਖ਼ਾਸਤ ਦਿੱਤੀ ਸੀ ਅਤੇ ਮਾਨਯੋਗ  ਜੱਜ ਸਾਹਬ ਵੱਲੋਂ ਖ਼ੁਦ ਸੀ. ਆਈ. ਏ. ਸਟਾਫ ਜਾ ਕੇ ਦੋਸ਼ੀ ਦੀ ਸਹਿਮਤੀ ਲਈ ਅਤੇ ਪੁਲਸ ਵੱਲੋਂ ਕੀਤੇ ਦੀ ਡਿਟੈਕਟਰ ਟੈਸਟ ਕਰਵਾਉਣ ਦੀ ਦਰਖ਼ਾਸਤ ਨੂੰ ਮਨਜ਼ੂਰ ਕੀਤਾ। ਉਨ੍ਹਾਂ ਦੱਸਿਆ ਕਿ ਮੁਦਈ ਅਤੇ ਵਕੀਲ ਸਾਹਿਬਾਨ ਵੱਲੋਂ ਇਸ ਮਾਮਲੇ 'ਤੇ ਅਸੰਤੁਸ਼ਟੀ ਜਤਾਈ ਗਈ। ਐਡਵੋਕੇਟ ਧਾਰਨੀ ਨੇ ਆਰੋਪੀ ਦਾ ਸਹੀ ਟੈਸਟ ਕਰਵਾਉਣ ਲਈ 2 ਦਰਖ਼ਾਸਤਾਂ ਮਾਣਯੋਗ ਅਦਾਲਤ 'ਚ ਮੁਲਜ਼ਮ ਦਾ ਨਾਰਕੋ ਅਨਾਲਸਿਸ ਟੈਸਟ (ਟਰੁੱਥ ਸੀਰਮ) ਅਤੇ ਪੀ-300 ਬ੍ਰੇਨ ਮੈਪਿੰਗ ਟੈਸਟ ਕਰਵਾਉਣ ਦੀ ਦਰਖ਼ਾਸਤ ਪੇਸ਼ ਕੀਤੀਆਂ ਹਨ।

PunjabKesari

ਵਕੀਲ ਧਾਰਨੀ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਜੱਲ੍ਹਾ ਵਿਖੇ ਪਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਪਸ਼ਚਾਤਾਪ ਵਜੋਂ ਰਖਾਏ ਗਏ ਸਹਿਜ ਪਾਠ ਦੇ ਭੋਗ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮੁਲਜ਼ਮ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਸੀ, ਉਸ ਅਖ਼ਬਾਰ ਦੀ ਖ਼ਬਰ ਪੜ੍ਹ ਕੇ ਪੁਲਸ ਵੱਲੋਂ ਇਹ ਅੱਧੀ ਅਧੂਰੀ ਦਰਖ਼ਾਸਤ ਅਦਾਲਤ 'ਚ ਦੇ ਕੇ ਮਨਜ਼ੂਰ ਕਰਵਾ ਲਈ ਪਰ ਮੁਦੱਈਆਂ ਦੇ ਵਕੀਲ ਸਾਹਿਬਾਨ ਹਰਸ਼ਵਿੰਦਰ ਸਿੰਘ ਚੀਮਾਂ ਅਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ ਇਸ ਦਰਖ਼ਾਸਤ 'ਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਉਸ ਦੋਸ਼ੀ ਦਾ ਸੈਂਟੇਫਿਕ (ਮਨੋ-ਵਿਗਿਆਨ) ਤਰੀਕੇ ਨਾਲ ਟੈਸਟ   ਹੋਣਾ ਚਾਹੀਦਾ ਹੈ। ਇਸੇ ਕਰਕੇ ਉਨ੍ਹਾਂ ਵੱਲੋਂ ਦੋ ਦਰਖ਼ਾਸਤਾਂ ਮਾਣਯੋਗ ਅਦਾਲਤ 'ਚ ਪੇਸ਼ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ
ਉਨ੍ਹਾਂ ਕਿਹਾ ਕਿ ਦੋਸ਼ੀ ਤੋਂ ਪੁਲਸ ਵੱਲੋਂ ਅਜੇ ਤਕ ਕੋਈ ਸੱਚਾਈ ਨਹੀਂ ਉੱਗਲਵਾਈ   ਗਈ, ਜਿਸ 'ਤੇ ਸ਼ੱਕ ਜ਼ਾਹਰ ਹੁੰਦਾ ਹੈ ਕਿ ਇਸ ਕੇਸ 'ਚ ਪੁਲਸ ਅਤੇ ਸਰਕਾਰ ਕਿਸੇ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪੁਲੀਸ ਵੱਲੋਂ ਲਾਈ ਡਿਟੈਕਟਰ ਟੈਸਟ ਦੀ ਦਰਖ਼ਾਸਤ ਮਾਣਯੋਗ ਅਦਾਲਤ 'ਚ ਦਿੱਤੀ ਗਈ ਸੀ, ਉਹ 26 ਅਕਤੂਬਰ ਨੂੰ ਮੁਦਈ ਧਿਰਾਂ ਦੇ ਵਕੀਲਾਂ ਦੀ ਬਿਨਾਂ ਸਲਾਹ ਤੋਂ ਦਿੱਤੀ ਗਈ।

ਇਹ ਵੀ ਪੜ੍ਹੋ : ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ
ਜ਼ਿਕਰਯੋਗ ਹੈ ਕਿ ਉਥੇ ਹੀ ਦੂਜੇ ਪਾਸੇ ਐੱਸ. ਜੀ. ਪੀ. ਸੀ. ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਕਿਹਾ ਗਿਆ ਹੈ ਕਿ ਐੱਸ. ਜੀ. ਪੀ. ਸੀ. ਵੱਲੋਂ ਦੋਸ਼ੀ ਖ਼ਿਲਾਫ਼ ਹਰ ਤਰ੍ਹਾਂ ਦੇ ਕੇਸ ਲੜਨ ਦਾ ਖ਼ਰਚ ਐੱਸ. ਜੀ. ਪੀ. ਸੀ. ਚੁੱਕੇਗੀ। ਦੱਸ ਦੇਈਏ ਕਿ 12 ਅਕਤੂਬਰ ਨੂੰ ਇਕ ਨੌਜਵਾਨ ਨੇ ਪਿੰਡ ਤਰਖਾਣ ਮਾਜਰਾ ਅਤੇ ਜੱਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਜਿਸ ਦਾ ਕੇਸ ਲੜਨ ਤੋਂ ਵਕੀਲ ਭਾਈਚਾਰੇ ਵੱਲੋਂ ਸਾਫ਼ ਤੌਰ 'ਤੇ ਇਨਕਾਰ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ 2 ਥਾਵਾਂ 'ਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਪਟਿਆਲਾ ਪੁਲਸ ਨੇ ਧਾਰਮਿਕ ਸਥਾਨਾਂ ਦੀ ਚੌਕਸੀ ਵਧਾ ਦਿੱਤੀ ਹੈ। ਪਿੰਡ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਪੁਲਸ ਨੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਧਾਰਮਿਕ ਸਥਾਨ ਦੀ ਚੌਕਸੀ ਵਧਾਈ ਜਾ ਸਕੇ। ਇਸ ਮਾਮਲੇ 'ਚ ਪਹਿਲ ਕਰਦਿਆਂ ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਬੀਤੇ ਦਿਨੀਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਸੀ।


author

shivani attri

Content Editor

Related News