ਕੰਮ ਕਰੋ ਜਾਂ ਬਾਰਡਰ ''ਤੇ ਜਾਣ ਲਈ ਰਹੋ ਤਿਆਰ

Friday, Jan 26, 2018 - 08:00 AM (IST)

ਕੰਮ ਕਰੋ ਜਾਂ ਬਾਰਡਰ ''ਤੇ ਜਾਣ ਲਈ ਰਹੋ ਤਿਆਰ

ਪਟਿਆਲਾ  (ਰਾਜੇਸ਼) - ਸ਼ਾਹੀ ਸ਼ਹਿਰ ਦੇ ਨਵੇਂ ਬਣੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਫਸਰਾਂ ਨਾਲ ਪਹਿਲੀ ਮੀਟਿੰਗ ਵਿਚ ਹੀ ਐਕਸ਼ਨ ਵਿਚ ਨਜ਼ਰ ਆਏ। ਉਨ੍ਹਾਂ ਨਿਗਮ ਦੀ ਅਫਸਰਸ਼ਾਹੀ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕੰਮ ਵੱਲ ਧਿਆਨ ਦੇਣ ਜਾਂ ਫਿਰ ਇਥੋਂ ਚੱਲਦੇ ਹੋ ਜਾਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਦਫ਼ਤਰ ਤੋਂ 200 ਮੀਟਰ ਦੀ ਦੂਰੀ 'ਤੇ ਹੀ ਮੁੱਖ ਮੰਤਰੀ ਨਿਵਾਸ ਹੈ। ਉਸਦੇ ਬਿਲਕੁਲ ਸਾਹਮਣੇ ਸਰਕਾਰ ਦੇ ਨੰਬਰ 2 ਮੰਤਰੀ ਬ੍ਰਹਮ ਮਹਿੰਦਰਾ ਦਾ ਨਿਵਾਸ ਹੈ, ਲਿਹਾਜ਼ਾ ਹਰ ਅਫਸਰ ਤੇ ਕਰਮਚਾਰੀ ਨੂੰ ਸ਼ਹਿਰ ਦੇ ਵਿਕਾਸ ਤੇ ਸ਼ਹਿਰ ਨਿਵਾਸੀਆਂ ਲਈ ਜਵਾਬਦੇਹ ਹੋਣਾ ਪਵੇਗਾ। ਸਰਕਾਰ ਬਦਲ ਚੁੱਕੀ ਹੈ। ਅਫਸਰ ਵੀ ਆਪਣੀ ਮਾਨਸਿਕਤਾ ਬਦਲਣ ਅਤੇ ਸਿਰਫ ਤੇ ਸਿਰਫ ਕੰਮ ਵੱਲ ਧਿਆਨ ਦੇਣ।   ਮੇਅਰ ਬਿੱਟੂ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦਾ ਮੁੱਖ ਏਜੰਡਾ ਵਿਕਾਸ ਹੈ। ਹਰੇਕ ਅਫਸਰ ਨੂੰ ਵਿਕਾਸ ਕਾਰਜ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨੇ ਯਕੀਨੀ ਬਣਾਉਣੇ ਪੈਣਗੇ। ਜਿਹੜੇ ਅਫਸਰ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਜਾਵੇਗੀ ਅਤੇ ਕੰਮ ਚੋਰਾਂ ਨੂੰ ਬਾਰਡਰ ਦੇ ਕੋਲ ਭੇਜਿਆ ਜਾਵੇਗਾ। ਮੀਟਿੰਗ ਵਿਚ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ, ਐਕਸੀਅਨ ਹੈੱਡਕੁਆਟਰ ਇੰਜੀ. ਐੈੱਮ. ਐੱਮ. ਸਿਆਲ ਸਮੇਤ ਸਮੁੱਚੀਆਂ ਬ੍ਰਾਂਚਾਂ ਦੇ ਮੁਖੀ ਅਤੇ ਇੰਜੀਨੀਅਰ ਹਾਜ਼ਰ ਸਨ। ਉਨ੍ਹਾਂ ਨਗਰ ਨਿਗਮ ਦੇ ਵਿੱਤੀ ਹਾਲਾਤ, ਅੱਧਵਾਟੇ ਲਟਕੇ ਕੰਮਾਂ ਦੀ ਰਿਪੋਰਟ ਮੰਗੀ। ਸੰਜੀਵ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ। 10 ਸਾਲ ਤੱਕ ਅਕਾਲੀ-ਭਾਜਪਾ ਸਰਕਾਰ ਨੇ ਪਟਿਆਲਾ ਸ਼ਹਿਰ ਦਾ ਵਿਕਾਸ ਠੱਪ ਰੱਖਿਆ। ਹੁਣ ਸਰਕਾਰ ਦਾ ਖਜ਼ਾਨਾ ਸ਼ਹਿਰ ਦੇ ਵਿਕਾਸ ਲਈ ਖੁੱਲ੍ਹੇਗਾ। ਉਨ੍ਹਾਂ ਪੈਂਡਿੰਗ ਪਏ ਵਿਕਾਸ ਕਾਰਜਾਂ, ਨਕਸ਼ਿਆਂ, ਪ੍ਰਾਪਰਟੀ ਟੈਕਸ ਦੇ ਬਕਾਏ, ਵਾਟਰ ਸਪਲਾਈ ਤੇ ਸੀਵਰੇਜ ਦੇ ਬਕਾਇਆਂ ਦੀ ਲਿਸਟ ਬਣਾ ਕੇ ਦੇਣ ਦੇ ਹੁਕਮ ਜਾਰੀ ਕੀਤੇ।
ਮੀਟਿੰਗ ਵਿਚ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਮੇਅਰ ਨੂੰ ਵਿਸ਼ਵਾਸ ਦਵਾਇਆ ਕਿ ਨਗਰ ਨਿਗਮ ਦੇ ਸਮੁੱਚੇ ਅਧਿਕਾਰੀ ਤੇ ਕਰਮਚਾਰੀ ਵਿਕਾਸ ਨੂੰ ਮੁੱਖ ਏਜੰਡਾ ਰੱਖਣਗੇ ਤੇ ਮੇਅਰ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਇੰਨ-ਬਿਨ ਕੀਤੀ ਜਾਵੇਗੀ। ਇਸ ਦੌਰਾਨ ਐਕਸੀਅਨ ਗੁਰਪ੍ਰੀਤ ਸਿੰਘ ਵਾਲੀਆ, ਰਜਿੰਦਰ ਚੋਪੜਾ, ਸ਼ਾਮ ਲਾਲ ਗੁਪਤਾ, ਸੁਭਾਸ਼ ਸ਼ਰਮਾ, ਸੁਰੇਸ਼ ਕੁਮਾਰ, ਦਲੀਪ ਕੁਮਾਰ, ਐੈੱਸ. ਟੀ. ਪੀ. ਤਿਰਲੋਕ ਸਿੰਘ, ਸੁਪਰਡੈਂਟ ਗੁਰਵਿੰਦਰ ਸਿੰਘ, ਸੁਨੀਲ ਮਹਿਤਾ, ਰਵਦੀਪ ਸਿੰਘ, ਉਪਿੰਦਰ ਸਿੰਘ, ਡੀ. ਐੈੱਸ. ਐੈੱਫ. ਏ. ਨੀਰਜ ਰਹੇਜਾ, ਏ. ਟੀ. ਪੀ. ਨਰੇਸ਼ ਕੁਮਾਰ ਤੋਂ ਇਲਾਵਾ ਨਿਗਮ ਦੀ ਸਮੁੱਚੀ ਅਫਸਰਸ਼ਾਹੀ ਮੌਜੂਦ ਸੀ।


Related News