ਬਠਿੰਡਾ 'ਚ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

Thursday, Oct 10, 2019 - 01:25 PM (IST)

ਬਠਿੰਡਾ 'ਚ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਬਠਿੰਡਾ (ਅਮਿਤ ਸ਼ਰਮਾ, ਵਰਮਾ) : ਪਿੰਡ ਤਿਉਣਾ 'ਚ ਬੁੱਧਵਾਰ ਦੇਰ ਰਾਤ ਨੂੰ ਇਕ ਵਿਅਕਤੀ ਨੇ ਆਪਣੇ ਸਕੇ ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਅਤੇ ਕੁਝ ਹੀ ਸਮੇਂ ਬਾਅਦ ਸੜਕ ਦੇ ਕਿਨਾਰੇ ਖੂਨ ਨਾਲ ਲਥਪਥ ਮਿਲਿਆ। ਬਠਿੰਡਾ ਦੀ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਦੂਜੇ ਪਾਸੇ, ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਹਾਲੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਜਾਣਕਾਰੀ 'ਚ ਮ੍ਰਿਤਕ ਚਰਨਜੀਤ ਸਿੰਘ (22) ਦੇ ਪਿਤਾ ਭੋਲਾ ਸਿੰਘ ਵਾਸੀ ਪਿੰਡ ਤਿਉਣਾ ਨੇ ਦੱਸਿਆ ਕਿ ਮੁਲਜ਼ਮ ਗੁਰਜੰਟ ਸਿੰਘ ਉਸ ਦਾ ਸਕਾ ਭਰਾ ਹੈ। ਉਸ ਦੇ ਸਭ ਤੋਂ ਵੱਡੇ ਭਰਾ ਗੁਰਚਰਨ ਸਿੰਘ ਦੀ ਮੌਤ ਦੇ ਬਾਅਦ ਉਸ ਦੀ ਪਤਨੀ ਸੁਖਪਾਲ ਕੌਰ ਦਾ ਵਿਆਹ ਗੁਰਜੰਟ ਸਿੰਘ ਨਾਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ 4 ਬੱਚੇ ਹਨ। ਕਰੀਬ 3 ਮਹੀਨੇ ਤੋਂ ਉਸ ਦੇ ਭਰਾ ਤੇ ਭਾਬੀ ਸੁਖਪਾਲ ਕੌਰ 'ਚ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਸ ਕਰ ਕੇ ਸੁਖਪਾਲ ਕੌਰ ਬੱਚਿਆਂ ਨੂੰ ਲੈ ਕੇ ਵੱਖ ਰਹਿਣ ਲੱਗੀ। ਗੁਰਜੰਟ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨੂੰ ਉਸ ਦੇ ਖਿਲਾਫ਼ ਉਸ ਦੇ ਭਤੀਜੇ ਚਰਨਜੀਤ ਸਿੰਘ ਨੇ ਭੜਕਾਇਆ ਹੈ। ਇਸ ਕਰ ਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ। ਬੀਤੀ ਦੇਰ ਰਾਤ ਗੁਰਜੰਟ ਸਿੰਘ ਸ਼ਰਾਬ ਪੀ ਕੇ ਉਸ ਦੇ ਘਰ ਦੇ ਬਾਹਰ ਆਇਆ ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਉਸ ਦੇ ਬੇਟੇ ਚਰਨਜੀਤ ਸਿੰਘ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ 'ਤੇ ਫ਼ਰਾਰ ਹੋ ਗਿਆ। ਥਾਣਾ ਸਦਰ ਬਠਿੰਡਾ ਦੇ ਇੰਚਾਰਜ ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਖਮੀ ਹਾਲਤ 'ਚ ਮਿਲਿਆ ਮੁਲਜ਼ਮ
ਜ਼ਿਕਰਯੋਗ ਹੈ ਕਿ ਆਪਣੀ ਭਤੀਜੇ ਚਰਨਜੀਤ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਗੁਰਜੰਟ ਸਿੰਘ ਪਿਸਤੌਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਕੁਝ ਸਮੇਂ ਬਾਅਦ ਪਿੰਡ ਤਿਉਣਾ ਦੇ ਨਜ਼ਦੀਕ ਸੜਕ ਦੇ ਕਿਨਾਰੇ ਉਹ ਜ਼ਖਮੀ ਹਾਲਤ 'ਚ ਮਿਲਿਆ। ਪਤਾ ਚੱਲਿਆ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਉਸ ਦੀ ਜਮ ਕੇ ਕੁੱਟ-ਮਾਰ ਕੀਤੀ ਤੇ ਉਸ ਦੀਆਂ ਦੋਵੇਂ ਲੱਤਾਂ ਤੇ ਇਕ ਬਾਂਹ ਤੋੜ ਦਿੱਤੀ ਹੈ।


author

cherry

Content Editor

Related News