ਮਿਟ ਜਾਵੇਗਾ ਨਿਸ਼ਾਨ-ਏ-ਥਰਮਲ, ਮਿੱਟੀ ''ਚ ਮਿਲ ਜਾਵੇਗੀ ਝੀਲਾਂ ਦੇ ਸ਼ਹਿਰ ਦੀ ਵਿਰਾਸਤ
Saturday, Jul 18, 2020 - 05:59 PM (IST)
ਬਠਿੰਡਾ (ਵਰਮਾ/ਅਮਿਤਾ): ਪੰਜਾਬ ਦੀ ਧਰਤੀ ਨੂੰ ਪ੍ਰਕਾਸ਼ ਨਾਲ ਰੌਸ਼ਨ ਕਰਨ ਵਾਲੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੁਣ ਅੰਤਿਮ ਸਾਹ ਗਿਣ ਰਿਹਾ ਹੈ ਅਤੇ ਇਸਦੀ ਕਿਸਮਤ ਦਾ ਫੈਸਲਾ 20 ਅਗਸਤ ਨੂੰ ਹੋ ਜਾਵੇਗਾ। ਇਸ ਤਰ੍ਹਾਂ ਥਰਮਲ ਦਾ ਨਿਸ਼ਾਨ ਮਿਟ ਜਾਵੇਗਾ ਅਤੇ ਬਠਿੰਡਾ ਦੀ ਰੌਣਕ ਵਧਾਉਣ ਵਾਲੀਆਂ ਝੀਲਾਂ ਵੀ ਮਿੱਟੀ 'ਚ ਮਿਲ ਜਾਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਨੇ ਚੁੱਪਚਾਪ ਤਰੀਕੇ ਨਾਲ ਈ-ਟੈਂਡਰਿੰਗ 17 ਅਗਸਤ ਤੱਕ ਸਰਕਾਰ ਬੋਲੀ ਲਾਉਣ ਦੀ ਤਰੀਕ ਨਿਰਧਾਰਿਤ ਕਰ ਦਿੱਤੀ ਗਈ ਹੈ। ਜਿਸ 'ਚ ਇਛੁੱਕ ਵਿਅਕਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਟੈਂਡਰ ਦੀ ਕੀਮਤ 132 ਕਰੋੜ ਰੁਪਏ ਰੱਖੀ ਗਈ ਹੈ ਅਤੇ ਉਸ ਤੋਂ ਬਾਅਦ ਨਿਲਾਮੀ ਸ਼ੁਰੂ ਹੋਵੇਗੀ। ਪ੍ਰੀ-ਬਿੱਡ ਈ.ਐੱਮ.ਡੀ. 2 ਕਰੋੜ ਰੁਪਏ ਦਾ ਰੱਖੀ ਗਈ ਹੈ, ਜਿਸ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਬਿੱਡ ਦੇ ਅਨੁਸਾਰ, 110-120 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਯੂਨਿਟਾਂ ਨੂੰ ਮਿੱਟੀ 'ਚ ਮਿਲਾਉਣ ਦੀ ਪ੍ਰਕਿਰਿਆ ਆਰੰਭ ਹੋ ਜਾਵੇਗੀ। ਇਸ 'ਚ ਮਸ਼ੀਨਰੀ, ਸਿਵਲ ਵਰਕ, ਸਾਰੇ ਬਿਜਲੀ ਪੈਦਾ ਕਰਨ ਵਾਲੇ ਉਪਕਰਣ ਅਤੇ ਨਾਲ ਹੀ ਬੀਲਰ ਵੀ ਸ਼ਾਮਲ ਹਨ ਜੋ ਈ-ਟੈਂਡਿੰਗ ਦੁਆਰਾ ਵੇਚੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪਿਆਰ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼
ਸਿਵਲ ਲਾਈਨ ਖੇਤਰ ਖਾਲੀ ਹੋਣ 'ਤੇ ਸਿਟੀ ਸੈਂਟਰ ਦੇ ਨਾਂ 'ਤੇ ਵੇਚਿਆ ਜਾਵੇਗਾ
ਆਪਣੀ ਉਮਰ ਤੋਂ 18 ਸਾਲ ਵੱਧ ਹੰਢਾ ਚੁੱਕੇ ਥਰਮਲ ਪਲਾਂਟ ਨੂੰ 43 ਸਾਲ ਪਹਿਲਾਂ ਲਾਇਆ ਗਿਆ ਸੀ, ਜਿਸ 'ਤੇ 300 ਕਰੋੜ ਰੁਪਏ ਖਰਚ ਕੀਤੇ ਗਏ ਸਨ। 1764 ਏਕੜ ਜ਼ਮੀਨ 'ਚ ਥਰਮਲ ਪਲਾਂਟ, ਝੀਲਾਂ ਅਤੇ ਥਰਮਲ ਕਾਲੋਨੀਆਂ ਹਨ। ਇਸ ਦੇ ਨਾਲ ਹੀ ਸਿਵਲ ਲਾਈਨ ਦੀ 47 ਏਕੜ ਜ਼ਮੀਨ ਵੀ ਵੇਚਣ ਲਈ ਤਿਆਰ ਹੈ ਅਤੇ ਸਿਵਲ ਲਾਈਨ ਖੇਤਰ 'ਚ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਿਵਲ ਲਾਈਨ ਖੇਤਰ 'ਚ ਰਹਿਣ ਵਾਲੇ ਸਰਕਾਰੀ ਅਹੁਦਿਆਂ 'ਤੇ ਤਾਇਨਾਤ ਅਫਸਰ, ਕਰਮਚਾਰੀ ਥਰਮਲ ਕਾਲੋਨੀ 'ਚ ਤਬਦੀਲ ਕੀਤੇ ਜਾ ਰਹੇ ਹਨ। ਸਿਵਲ ਲਾਈਨ ਖੇਤਰ ਖਾਲੀ ਹੋਣ ਦੇ ਨਾਲ ਹੀ ਇਸ ਨੂੰ ਸਿਟੀ ਸੈਂਟਰ ਦੇ ਨਾਂ 'ਤੇ ਵੇਚਿਆ ਜਾਵੇਗਾ, ਜਦੋਂ ਕਿ ਥਰਮਲ ਦੀ ਜ਼ਮੀਨ 'ਤੇ ਉਦਯੋਗਿਕ ਪਾਰਕ ਬਣਾਇਆ ਜਾਣਾ ਹੈ। ਸਰਕਾਰ ਦੇ ਇਸ ਫੈਸਲੇ ਦੀ ਵਿਰੋਧੀ ਧਿਰ ਨੇ ਆਲੋਚਨਾ ਕੀਤੀ, ਜਦਕਿ ਸਮਰਥਕਾਂ ਨੇ ਇਸ ਨੂੰ ਸ਼ਹਿਰ ਦਾ ਵਿਕਾਸ ਦੱਸਿਆ। ਉਨ੍ਹਾਂ ਦੀਆਂ ਨਜ਼ਰਾਂ 'ਚ ਇਹ ਥਰਮਲ ਪਲਾਂਟ ਚਿੱਟਾ ਹਾਥੀ ਬਣ ਗਿਆ ਹੈ।
ਇਹ ਵੀ ਪੜ੍ਹੋ: ਨੌਜਵਾਨ ਦਾ ਮ੍ਰਿਤਕ ਸਰੀਰ ਧੁੱਪ ਵਿਚ ਰਿਹਾ ਸੜਦਾ, ਰਿਸ਼ਤੇਦਾਰਾਂ ਨੇ ਡਾਕਟਰਾਂ 'ਤੇ ਲਾਏ ਲਾਪਰਵਾਹੀ ਦੇ ਦੋਸ਼
ਥਰਮਲ ਪਲਾਂਟ 'ਚ ਬਿਜਲੀ ਪੈਦਾ ਕਰਨ ਲਈ ਜ਼ਿਆਦਾ ਖਰਚ ਕਰਨਾ ਪੈਂਦਾ ਜਦਕਿ ਬਾਹਰੋਂ ਬਿਜਲੀ ਸਸਤੀ ਮਿਲਦੀ
ਕੋਲੇ 'ਤੇ ਆਧਾਰਿਤ ਇਸ ਥਰਮਲ ਪਲਾਂਟ ਨੂੰ ਬਿਜਲੀ ਪੈਦਾ ਕਰਨ ਲਈ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ ਹੈ ਜਦਕਿ ਬਾਹਰੋਂ ਬਿਜਲੀ ਸਸਤੀ ਮਿਲ ਰਹੀ ਹੈ, ਜਿਸ ਕਾਰਨ ਇਹ ਬੰਦ ਕੀਤਾ ਗਿਆ। ਜ਼ਿਕਰਯੋਗ ਹੈ ਕਿ 2016 'ਚ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਵੀਨੀਕਰਨ 'ਤੇ 716 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਛੇ ਮਹੀਨੇ ਬਾਅਦ ਹੀ ਇਹ ਬੰਦ ਕਰ ਦਿੱਤਾ ਗਿਆ ਸੀ। ਥਰਮਲ ਪਲਾਂਟ ਦੀ ਰਾਜਨੀਤੀ ਵੀ, ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ 2017 'ਚ ਥਰਮਲ ਪਲਾਂਟ ਨੂੰ ਦੁਬਾਰਾ ਚਲਾਉਣ ਦਾ ਵਾਅਦਾ ਕੀਤਾ ਸੀ ਪਰ ਸੱਤਾ 'ਚ ਆਉਂਦੇ ਹੀ ਸਰਕਾਰ ਵਾਅਦਾ ਭੁੱਲ ਕੇ ਇਸ ਨੂੰ ਵੇਚਣਾ ਲਈ ਪੱਬਾਂ ਭਾਰ ਹੈ। ਸਰਕਾਰ ਨੇ ਥਰਮਲ ਵੇਚਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਪਰ ਕੁਝ ਕਿਸਾਨਾਂ ਨੇ ਸਰਕਾਰ ਨੂੰ ਆਪਣੀ ਜ਼ਮੀਨ ਥਰਮਲ ਪਲਾਂਟ 'ਚ ਵਾਪਸ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਉਨ੍ਹਾਂ ਨੇ ਅਦਾਲਤ ਦਾ ਸਹਾਰਾ ਲਿਆ ਹੈ। ਥਰਮਲ ਜ਼ਮੀਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਸ ਸਮੇਂ ਦੀ ਸਰਕਾਰ ਨੇ ਥਰਮਲ ਪਲਾਂਟ ਲਈ ਉਨ੍ਹਾਂ ਦੀ ਜ਼ਮੀਨ ਲਈ ਸੀ, ਜਿਸ ਲਈ ਉਨ੍ਹਾਂ ਨੂੰ ਮਾਮੂਲੀ ਪੈਸੇ ਦਿੱਤੇ ਗਏ ਸਨ ਪਰ ਹੁਣ ਥਰਮਲ ਪਲਾਂਟ ਨੂੰ ਰੱਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਜ਼ਮੀਨ ਵਾਪਸ ਕਰ ਦਿੱਤੀ ਜਾਵੇ। ਫਿਲਹਾਲ ਇਹ ਮਾਮਲਾ ਅਦਾਲਤ ਦੇ ਵਿਚਾਰਾਧੀਨ ਹੈ ਅਤੇ ਜਦੋਂ ਵੀ ਬਿੱਡ ਓਪਨ ਹੋਵੇਗੀ ਤਾਂ ਉਸ ਤੋਂ ਬਾਅਦ ਲੋਕ ਆਪਣੀ ਜ਼ਮੀਨ ਪ੍ਰਾਪਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨਗੇ।
ਇਹ ਵੀ ਪੜ੍ਹੋ: ਫਾਜ਼ਿਲਕਾ ਦੀ ਇਸ ਲਾੜੀ ਦੇ ਲੁੱਟ ਦੇ ਕਾਰਨਾਮੇ ਕਰਦੇ ਨੇ ਹੈਰਾਨ, ਕਈਆਂ ਨੂੰ ਪਾਇਆ ਪੜ੍ਹਨੇ
ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨਾ ਪੰਜਾਬ ਨੂੰ ਖ਼ਤਮ ਕਰਨ ਦੇ ਬਰਾਬਰ ਹੈ : ਹਰਸਿਮਰਤ
ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਮ.ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਥਰਮਲ ਪਲਾਂਟ ਨੂੰ ਖਤਮ ਕਰਨਾ ਪੰਜਾਬ ਨੂੰ ਖਤਮ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਾਂਗਰਸ ਸਰਕਾਰ ਥਰਮਲ ਪਲਾਂਟ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਥਰਮਲ ਪਲਾਂਟ ਚਲਾਉਣ ਦੀ ਗੱਲ ਕੀਤੀ ਸੀ ਅਤੇ ਹੁਣ ਉਹ ਉਜਾੜੇ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਜੋ ਝੂਠੀ ਸੁੰਹ ਨਾਲ ਸਰਕਾਰ ਚਲਾਉਂਦੇ ਹਨ, ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਇੰਡਸਟਰੀ ਤਾਂ ਲਿਆ ਨਹੀਂ ਸਕਦੀ, ਪਰ ਉਨ੍ਹਾਂ ਦੇ ਚਹੇਤੇ ਆਪਣੀਆਂ ਜੇਬਾਂ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ