''ਬਿਜਲੀ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਚਲਾਉਣਾ ਹੀ ਪਵੇਗਾ ਥਰਮਲ ਪਲਾਂਟ''
Tuesday, Mar 27, 2018 - 10:52 AM (IST)

ਬਠਿੰਡਾ (ਸੁਖਵਿੰਦਰ)-ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਪੱਕੇ ਮੁਲਾਜ਼ਮਾਂ ਵੱਲੋਂ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ 'ਚ ਲਗਾਤਾਰ ਕੀਤੀ ਜਾ ਰਹੀ ਹੜਤਾਲ ਦੇ 7ਵੇਂ ਦਿਨ 11 ਮੁਲਾਜ਼ਮ ਭੁੱਖ ਹੜਤਾਲ 'ਤੇ ਬੈਠੇ।
ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਇਕ ਰੋਸ ਰੈਲੀ ਕਰ ਕੇ ਪ੍ਰਬੰਧਨ ਤੇ ਸਰਕਾਰ ਖਿਲਾਫ ਗੁੱਸਾ ਕੱਢਿਆ। ਇਸ ਮੌਕੇ ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ, ਰਘੁਵੀਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਆਦਿ ਨੇ ਕਿਹਾ ਕਿ ਰੋਪੜ ਥਰਮਲ ਦੇ ਬੰਦ ਕੀਤੇ ਗਏ 2 ਯੂਨਿਟਾਂ ਨੂੰ ਦੁਬਾਰਾ ਚਲਾਉਣ ਦੇ ਹੁਕਮ ਜਾਰੀ ਹੋ ਗਏ ਹਨ ਤੇ ਆਉਣ ਵਾਲੇ ਸਮੇਂ ਵਿਚ ਬਠਿੰਡਾ ਥਰਮਲ ਨੂੰ ਵੀ ਦੁਬਾਰਾ ਤੋਂ ਚਾਲੂ ਕਰਨ ਦੇ ਆਰਡਰ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਸਰਕਾਰ ਤੇ ਪਾਵਰਕਾਮ ਸਾਹਮਣੇ ਥਰਮਲ ਪਲਾਂਟ ਬਠਿੰਡਾ ਨੂੰ ਚਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਥਰਮਲ ਪਲਾਂਟ ਬਠਿੰਡਾ ਚਾਲੂ ਕਰੇ। ਇਸ ਨਾਲ ਜਿਥੇ ਮੁਲਾਜ਼ਮਾਂ ਦਾ ਰੋਜ਼ਗਾਰ ਸੁਰੱਖਿਅਤ ਹੋਵੇਗਾ, ਉਥੇ ਹੀ ਪ੍ਰਦੇਸ਼ ਵਿਚ ਗਰਮੀ ਦੇ ਸੀਜ਼ਨ ਦੌਰਾਨ ਵਧਣ ਵਾਲੀ ਬਿਜਲੀ ਦੀ ਮੰਗ ਵੀ ਪੂਰੀ ਹੋਵੇਗੀ। ਇਸ ਮੌਕੇ ਕ੍ਰਿਸ਼ਨ ਸਿੰਘ, ਗੁਰਤੇਜ ਸਿੰਘ, ਜਰਨੈਲ ਸਿੰਘ ਆਦਿ ਮੌਜੂਦ ਰਹੇ।