ਚੌਥੀ ਵਾਰ 10ਵੀਂ ’ਚੋਂ ਫੇਲ ਹੋਣ ਦੇ ਡਰ ਕਾਰਨ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Wednesday, May 27, 2020 - 10:05 AM (IST)
ਬਠਿੰਡਾ (ਵਰਮਾ) - ਪੇਪਰਾਂ ’ਚ ਫੇਲ ਹੋਣ ਦੇ ਡਰ ਕਾਰਨ ਇਕ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦਕਿ ਉਕਤ ਨੌਜਵਾਨ ਦੀ ਭੈਣ ਦੀ ਬੀਮਾਰੀ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜ਼ਿਲੇ ਦੇ ਪਿੰਡ ਵਿਰਕ ਕਲਾਂ ਦੇ ਰਹਿਣ ਵਾਲੇ ਗੁਰਵੀਰ ਸਿੰਘ (18) ਪੁੱਤਰ ਇਕਬਾਲ ਸਿੰਘ ਨੇ ਆਪਣੇ ਘਰ ’ਚ ਰੱਖੀ ਕੋਈ ਨਸ਼ੀਲੀ ਦਵਾਈ ਨਿਗਲ ਲਈ। ਜਿਸਨੂੰ ਪਰਿਵਾਰ ਵਾਲਿਆਂ ਨੇ ਗੋਨਿਆਣਾ ਮੰਡੀ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸ ਨੇ ਕਰੀਬ 8 ਦਿਨ ਤੱਕ ਦੀ ਜ਼ਿੰਦਗੀ ਮੌਤ ਦੀ ਲੜਾਈ ਲੜਣ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ।
ਬੱਲੂਆਣਾ ਪੁਲਸ ਚੌਕੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਵੀਰ ਸਿੰਘ ਦੇ ਪਿਤਾ ਇਕਬਾਲ ਸਿੰਘ ਨੇ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਸਦਾ ਬੇਟਾ 10ਵੀਂ ਦੇ ਪੇਪਰਾਂ ’ਚ ਤਿੰਨ ਵਾਰ ਫੇਲ ਹੋ ਚੁੱਕਾ ਸੀ ਅਤੇ ਹੁਣ ਉਹ ਦੁਬਾਰਾ ਪੇਪਰ ਦੇਣ ਦੀ ਤਿਆਰ ਕਰ ਰਿਹਾ ਸੀ ਪਰ ਪਹਿਲਾ ਹੀ ਫੇਲ ਹੋਣ ਕਾਰਨ ਉਸਦੇ ਅੰਦਰ ਪੇਪਰ ਦਾ ਡਰ ਬੈਠ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਬੀਤੀ 17 ਮਈ ਨੂੰ ਜਦੋਂ ਉਹ ਖੇਤ ਗਿਆ ਤਾਂ ਉਸਦੇ ਬੇਟੇ ਗੁਰਵੀਰ ਸਿੰਘ ਨੇ ਘਰ ’ਚ ਪਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਇਸਦੀ ਮੌਤ ਹੋ ਗਈ। ਪੁਲਸ ਨੇ ਆਈ.ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।