ਤੇਜ਼ ਤੂਫਾਨ ਨੇ ਬਠਿੰਡਾ 'ਚ ਮਚਾਈ ਤਬਾਹੀ (ਵੀਡੀਓ)

Thursday, Jun 13, 2019 - 11:17 AM (IST)

ਬਠਿੰਡਾ(ਅਮਿਤ ਸ਼ਰਮਾ,ਮਨਜੀਤ) : ਬਠਿੰਡਾ-ਬਾਦਲ ਸਡ਼ਕ ’ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਸਵੇਰੇ 3 ਵਜੇ ਦੇ ਕਰੀਬ ਤਿਉਣਾ ਰਜਬਾਹੇ ’ਚ 50 ਫੁੱਟ ਚੌਡ਼ਾ ਪਾਡ਼ ਪੈ ਗਿਆ। ਪਾਡ਼ ਪੈਣ ਕਾਰਨ 100 ਏਕਡ਼ ਨਰਮਾ ਅਤੇ 100 ਏਕਡ਼ ਹਰਾ ਚਾਰਾ ਪਾਣੀ ’ਚ ਡੁੱਬ ਗਿਆ। ਰਜਬਾਹੇ ਦਾ ਪਾਣੀ ਪਿੰਡ ਵੱਲ ਆਉਣ ਕਾਰਨ ਪਿੰਡ ਵਾਸੀਆਂ ’ਚ ਇਕ ਵਾਰ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ ਮੌਕੇ ’ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਸੰਗਤ ਦੇ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ, ਐੱਸ. ਡੀ. ਐੱਮ. ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਪਿੰਡ ਨੂੰ ਪਾਣੀ ਤੋਂ ਬਚਾਉਣ ਲਈ ਰਜਬਾਹੇ ’ਚ ਦੂਜੇ ਪਾਸੇ ਪਾਡ਼ ਕਰ ਦਿੱਤਾ।

PunjabKesari

ਪਿੰਡ ਦੇ ਸਾਬਕਾ ਸਰਪੰਚ ਸੰਦੀਪ ਸਿੰਘ ਸ਼ਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਜਬਾਹੇ ’ਚ ਬੰਦੀ ਤੋਂ ਬਾਅਦ ਸਵੇਰੇ ਹੀ ਪਾਣੀ ਆਇਆ ਸੀ। ਬੀਤੀ ਰਾਤ ਆਏ ਤੇਜ਼ ਝੱਖਡ਼ ਕਾਰਨ ਬਹੁਤੇ ਦਰੱਖਤ ਟੁੱਟ ਕੇ ਰਜਬਾਹੇ ’ਚ ਡਿੱਗ ਪਏ। ਇਸ ਬਾਰੇ ਉਨ੍ਹਾਂ ਵੱਲੋਂ ਨਹਿਰੀ ਵਿਭਾਗ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਰਜਬਾਹੇ ’ਚ ਹਾਲੇ ਪਾਣੀ ਨਾ ਛੱਡਿਆ ਜਾਵੇ ਪਰ ਨਹਿਰੀ ਵਿਭਾਗ ਵੱਲੋਂ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਰਹੇ ਰਜਬਾਹੇ ’ਚ ਪਾਣੀ ਨੂੰ ਛੱਡ ਦਿੱਤਾ ਗਿਆ। ਪਿੰਡ ਕੋਲ ਦਰੱਖਤਾਂ ਦੇ ਡਿੱਗਣ ਕਾਰਨ ਰਜਬਾਹਾ ਬੰਦ ਸੀ, ਜਿਸ ਕਾਰਨ ਰਜਬਾਹਾ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਰਜਬਾਹੇ ਦੇ ਟੁੱਟਣ ਕਾਰਨ ਜਿਥੇ ਕਈ ਕਿਸਾਨਾਂ ਦੀ ਜੀਰੀ ਡੁੱਬ ਗਈ, ਉਥੇ 100 ਏਕਡ਼ ਕਿਸਾਨਾਂ ਦਾ ਨਰਮਾ ਅਤੇ 100 ਏਕਡ਼ ਦੇ ਕਰੀਬ ਪਸ਼ੂਆਂ ਲਈ ਬੀਜਿਆ ਹਰਾ ਚਰਾ ਵੀ ਪਾਣੀ ਨਾਲ ਭਰ ਗਿਆ। ਰਜਬਾਹੇ ਦੇ ਦੋਵਾਂ ਪਾਸੇ ਕਿਸਾਨਾਂ ਦੀ ਲਗਭਗ 700 ਏਕਡ਼ ਜ਼ਮੀਨ ’ਚ ਪਾਣੀ ਭਰ ਗਿਆ। ਜੇਕਰ ਨਹਿਰੀ ਵਿਭਾਗ ਵੱਲੋਂ ਰਜਬਾਹੇ ਨੂੰ ਦੂਜੇ ਪਾਸਿਓਂ ਨਾ ਤੋਡ਼ਿਆ ਜਾਂਦਾ ਤਾਂ ਪਿੰਡ ਪਾਣੀ ’ਚ ਡੁੱਬ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਰਜਬਾਹਾ ਟੁੱਟਣ ਨੂੰ ਲੈ ਕੇ ਪਿੰਡ ਵਾਸੀ ਆਪਸ ’ਚ ਉਲਝੇ, ਜਿਸ ਕਾਰਨ ਵੱਡੀ ਗਿਣਤੀ ’ਚ ਥਾਣਾ ਸੰਗਤ ਦੀ ਪੁਲਸ ਮੌਕੇ ’ਤੇ ਪਹੁੰਚ ਗਈ।

PunjabKesari

ਕੀ ਕਹਿੰਦੇ ਨੇ ਨਹਿਰੀ ਵਿਭਾਗ ਦੇ ਐੱਸ. ਡੀ. ਓ.

ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਜਗਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਜਬਾਹਾ 3 ਵਜੇ ਦੇ ਕਰੀਬ ਪਿੰਡ ਵਾਲੇ ਪਾਸੇ ਟੁੱਟਿਆ। ਬੀਤੀ ਰਾਤ ਆਏ ਝੱਖਡ਼ ਕਾਰਨ ਰਜਬਾਹੇ ’ਚ ਵੱਡੀ ਗਿਣਤੀ ’ਚ ਟੁੱਟ ਕੇ ਦਰੱਖਤ ਡਿੱਗ ਪਏ ਸਨ, ਸ਼ਾਮ ਤੱਕ ਉਹ ਰਜਬਾਹੇ ’ਚੋਂ ਦਰੱਖਤ ਬਾਹਰ ਕੱਢਦੇ ਰਹੇ ਪਰ ਇਥੇ ਦਰੱਖਤ ਜ਼ਿਆਦਾ ਡਿੱਗੇ ਸਨ। ਉਨ੍ਹਾਂ ਵੱਲੋਂ ਪਿੰਡ ’ਚ ਪਾਣੀ ਦਾਖਲ ਹੋਣ ਤੋਂ ਬਚਾਉਣ ਲਈ ਰਜਬਾਹੇ ਨੂੰ ਖੱਬੇ ਪਾਸੇ ਤੋਡ਼ ਦਿੱਤਾ ਗਿਆ, ਜਿਸ ਕਾਰਨ ਪਿੰਡ ਸੇਫ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਣ ਰਜਬਾਹੇ ’ਚ 150 ਕਿਊਸਿਕ ਪਾਣੀ ਚੱਲ ਰਿਹਾ ਹੈ ਜੋ ਜਲਦੀ ਹੀ ਬੰਦ ਹੋ ਜਾਵੇਗਾ।


author

cherry

Content Editor

Related News