ਮਨਪ੍ਰੀਤ ਬਾਦਲ ਤੋਂ ਬਠਿੰਡਾ ਵਾਸੀਆਂ ਨੂੰ ਨਹੀਂ ਕੋਈ ਉਮੀਦ : ਹਰਸਿਮਰਤ
Monday, Dec 20, 2021 - 02:15 PM (IST)
ਬਠਿੰਡਾ (ਵਰਮਾ) : ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਬਠਿੰਡਾ ਦੇ ਵੱਖ-ਵੱਖ ਵਾਰਡਾਂ ’ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਸਰੂਪ ਸਿੰਗਲਾ ਨੂੰ ਬਾਦਲ ਪਰਿਵਾਰ ਦਾ ਹਿੱਸਾ ਦੱਸਦੇ ਹੋਏ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਥਾਈਂ ਹੋਈਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਬਲਰਾਜ ਨਗਰ ਵਿਖੇ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਪ੍ਰਤਾਪ ਨਗਰ ਵਿਖੇ ਵੱਖ-ਵੱਖ ਪਾਰਟੀਆਂ ਭਾਜਪਾ ‘ਆਪ’ ਅਤੇ ਕਾਂਗਰਸ ਨੂੰ ਛੱਡ ਕੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਵੀ ਹੋਏ, ਜਿਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਦਾ ਝੰਡਾ ਪਾ ਕੇ ਜੀ ਆਇਆਂ ਕਿਹਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਇਕ ਪਾਸੇ ਸਾਫ਼ ਛਵੀ ਅਤੇ ਨੇਕ ਨੀਤੀ ਵਾਲੇ ਉਮੀਦਵਾਰ ਸਰੂਪ ਸਿੰਗਲਾ ਹਨ, ਦੂਜੇ ਪਾਸੇ ਤਾਏ ਨੂੰ ਧੋਖਾ ਦੇਣ ਵਾਲਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੈ ਜੋ ਪਰਿਵਾਰ ਦਾ ਨਹੀਂ ਬਣਿਆ ਤੇ ਹੁਣ ਬਠਿੰਡਾ ਸ਼ਹਿਰ ਦਾ ਵੀ ਨਾਂ ਬਣਿਆ ਅਤੇ ਅੱਜ ਸ਼ਹਿਰ ਵਿਚ ਗੁੰਡਾ ਰਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਦੀ ਕੋਸ਼ਿਸ਼ ਮਾਮਲੇ ’ਚ ਮ੍ਰਿਤਕ ਦੇ ਲਏ ਗਏ ਫਿੰਗਰ ਪ੍ਰਿੰਟਸ ਨਹੀਂ ਹੋਏ ਮੈਚ
ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਹਿੱਤ ਵਿਚ ਉਲੀਕੇ 13 ਨੁਕਾਤੀ ਪ੍ਰੋਗਰਾਮ ਪ੍ਰਤੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ’ਤੇ ਦੱਸ ਲੱਖ ਦਾ ਸਿਹਤ ਬੀਮਾ ਕਾਰਡ, ਵਿਦਿਆਰਥੀਆਂ ਲਈ ਪੜ੍ਹਾਈ ਲਈ ਦਸ ਲੱਖ ਦਾ ਸਟੂਡੈਂਟ ਕਾਰਡ, ਔਰਤਾਂ ਨੂੰ ਮਾਤਾ ਖੀਵੀ ਯੋਜਨਾ ਤਹਿਤ ਚੌਵੀ ਹਜ਼ਾਰ ਰੁਪਏ ਪ੍ਰਤੀ ਸਾਲ ਸਨਮਾਨ ਦੇਣ ਵਰਗੇ ਇਤਿਹਾਸਕ ਫ਼ੈਸਲਿਆਂ ਨਾਲ ਸੂਬੇ ਦੀ ਤਸਵੀਰ ਬਦਲੀ ਜਾਵੇਗੀ। ਉਨ੍ਹਾਂ ਕਾਂਗਰਸ ਅਤੇ ‘ਆਪ’ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਰੇ ਕੰਮ ਆਉਂਦੇ ਹਨ ਪਰ ਸਰਕਾਰ ਚਲਾਉਣੀ ਨਹੀਂ ਆਉਂਦੀ, ਜਿਸ ਕਰ ਕੇ ਅੱਜ ਸੂਬੇ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ, ਕੇਜਰੀਵਾਲ ਡਰਾਮੇਬਾਜ਼ ਹੈ, ਜਿਸਦੇ ਦਿੱਲੀ ਵਿਖੇ ਹਾਲਾਤ ਮਾੜੇ ਹਨ ਉਹ ਪੰਜਾਬ ਲਈ ਕੀ ਕਰ ਸਕਦਾ ਹੈ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਮੁੱਖ ਮਕਸਦ ਸ਼ਹਿਰ ਦੀ ਤਰੱਕੀ ਖੁਸ਼ਹਾਲੀ ਅਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਹੈ, ਜਿਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ