ਗੈਂਗਸਟਰ ਅਮਨਾ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ''ਤੇ ਲੈ ਕੇ ਆਈ ਬਠਿੰਡਾ ਪੁਲਸ, ਇਸ ਮਾਮਲੇ ''ਚ ਹੋਵੇਗੀ ਪੁੱਛਗਿੱਛ
Friday, Mar 10, 2023 - 11:22 AM (IST)

ਬਠਿੰਡਾ (ਵਰਮਾ) : ਬਠਿੰਡਾ ਪੁਲਸ ਨੇ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਇਕ ਕਿਸਾਨ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਾਭਾ ਜੇਲ੍ਹ ਤੋਂ ਲਿਆਂਦਾ ਹੈ ਜਦਕਿ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਐੱਸ. ਪੀ. ਡੀ. ਅਜੇ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਬਠਿੰਡਾ ਪੁਲਸ ਨੂੰ ਕੇਂਦਰੀ ਏਜੰਸੀ ਅਤੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਨਾਭਾ ਵਿਚ ਬੰਦ ਗੈਂਗਸਟਰ ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਗੈਂਗਸਟਰ ਸੁੱਖਾ ਨੇ ਜੇਲ ਤੋਂ ਵੱਟਸਐਪ ਕਾਲ ਕੀਤੀ ਸੀ। ਕਾਲ ਕਰ ਕੇ ਉਸਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਇਕ ਅਣਪਛਾਤੇ ਵਿਅਕਤੀ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਇਨਪੁਟਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸੀ. ਆਈ. ਏ. ਵਨ ਦੀ ਟੀਮ ਨੂੰ ਸੌਂਪੀ ਗਈ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਡੀ. ਐੱਸ. ਪੀ. ਦਵਿੰਦਰ ਸਿੰਘ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਤੇਜਿੰਦਰ ਸਿੰਘ ਦੀ ਨਿਗਰਾਨੀ ਹੇਠ ਗਠਿਤ ਟੀਮ ਨੇ ਮੁਲਜ਼ਮ ਪ੍ਰਦੀਪ ਸਿੰਘ ਉਰਫ਼ ਟਾਕੀ ਵਾਸੀ ਪਿੰਡ ਨਰੂਆਣਾ, ਤੇਗਵੀਰ ਸਿੰਘ ਉਰਫ਼ ਤੇਗ ਵਾਸੀ ਭੁੱਚੋ ਮੰਡੀ ਬਠਿੰਡਾ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਬੜੀ ਵਾਸੀ ਭੁੱਚੋ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਹੋਲੀ ਮੌਕੇ ਦੋ ਘਰਾਂ 'ਚ ਪਏ ਵੈਣ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਏ ਮਾਪਿਆਂ ਦੇ ਦੋ ਪੁੱਤ
ਪਿੰਡ ਚੱਕ ਬਖਤੂ ਸਿੰਘ ਵਿਖੇ 7 ਮਾਰਚ ਨੂੰ ਮੁਲਜ਼ਮ ਪ੍ਰਦੀਪ ਸਿੰਘ ਉਰਫ਼ ਟਾਕੀ ਨੂੰ ਸਿਰਕੀ ਬਾਜ਼ਾਰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ 8 ਮਾਰਚ ਨੂੰ ਮੁਲਜ਼ਮ ਤੇਗਵੀਰ ਸਿੰਘ ਉਰਫ਼ ਤੇਬ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਬਰੀ ਨੂੰ ਭੁੱਚੋ ਮੰਡੀ ਤੋਂ ਗ੍ਰਿਫ਼ਤਾਰ ਕਰ ਕੇ ਇਕ 315 ਬੋਰ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਪਿਸਤੌਲ ਅਤੇ 3 ਜਿੰਦਾ ਰੌਂਦ ਤੋਂ ਇਲਾਵਾ ਰੇਕੀ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫੜੇ ਗਏ ਤਿੰਨਾਂ ਦੋਸ਼ੀਆਂ ਨੇ ਪੁਲਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਨਾਭਾ ਜੇਲ੍ਹ ’ਚ ਬੰਦ ਗੈਂਗਸਟਰ ਅਮਨਾ ਵਾਸੀ ਉੱਭਾ ਜ਼ਿਲ੍ਹਾ ਮਾਨਸਾ ਦੇ ਇਸ਼ਾਰੇ ’ਤੇ ਫਿਰੌਤੀ ਮੰਗਣ ਲਈ ਆਪਣੇ ਹੀ ਪਿੰਡ ਨਰੂਆਣਾ ਦੇ ਕਿਸਾਨ ਅਮਰੀਕ ਸਿੰਘ ਦਾ ਫੋਨ ਨੰਬਰ ਅਮਨਾ ਨੂੰ ਦਿੱਤਾ ਸੀ। ਇਸ ਤੋਂ ਬਾਅਦ ਹੀ ਅਮਨਾ ਨੇ ਪੀੜਤ ਅਮਰੀਕ ਸਿੰਘ ਨੂੰ ਜੇਲ੍ਹ ਦੇ ਅੰਦਰੋਂ ਵਟਸਐਪ ’ਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ- ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਪਰਿਵਾਰ, ਦੁਖ਼ੀ ਹੋ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੀੜਤ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਗੈਂਗਸਟਰ ਅਮਨਾ ਦੇ ਇਸ਼ਾਰੇ ’ਤੇ ਅਮਰੀਕ ਸਿੰਘ ਦੇ ਘਰ ਦੀ ਵੀਡੀਓ ਬਣਾ ਕੇ ਗੈਂਗਸਟਰ ਅਮਨਾ ਨੂੰ ਭੇਜ ਦਿੱਤੀ, ਤਾਂ ਜੋ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਸਿੰਘ ਪਹਿਲਾਂ ਪੁਲਸ ਰਿਮਾਂਡ ’ਤੇ ਹੈ ਜਦਕਿ ਮੁਲਜ਼ਮ ਤੇਗਵੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਗੈਂਗਸਟਰ ਅਮਨਾ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਜੋ ਮਾਮਲੇ ਦਾ ਖ਼ੁਲਾਸਾ ਕੀਤਾ ਜਾ ਸਕੇ। ਮਾਮਲੇ ਵਿਚ ਨਾਮਜ਼ਦ ਮੁਲਜ਼ਮ ਪ੍ਰਦੀਪ ਸਿੰਘ ਦੀ ਉਮਰ (20) ਸਾਲ ਹੈ ਅਤੇ ਕੋਈ ਕੰਮ ਨਹੀਂ ਕਰਦਾ। ਉਸ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਚ ਸਾਲ 2021 ਵਿਚ ਆਬਕਾਰੀ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ 32 ਸਾਲਾ ਤੇਗਵੀਰ ਸਿੰਘ ਵੀ ਕੋਈ ਕੰਮ ਨਹੀਂ ਕਰਦਾ। ਉਸ ਖ਼ਿਲਾਫ਼ ਸਾਲ 2019 ਵਿਚ ਥਾਣਾ ਕੈਂਟ ਬਠਿੰਡਾ ਵਿਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹੈ, ਜਦਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ (33) ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਖ਼ਿਲਾਫ਼ ਥਾਣਾ ਕੈਂਟ ਵਿਚ ਸਾਲ 2019 ਵਿਚ ਕਤਲ ਦਾ ਕੇਸ ਵੀ ਦਰਜ ਹੈ ਅਤੇ ਉਹ ਵੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ। ਐੱਸ. ਐੱਸ. ਪੀ. ਖੁਰਾਣਾ ਨੇ ਦੱਸਿਆ ਕਿ ਪੁਲਸ ਨੇ ਗੈਂਗਸਟਰ ਅਮਨਾ ਕੋਲੋਂ ਉਕਤ ਮੋਬਾਇਲ ਫ਼ੋਨ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਉਹ ਧਮਕੀਆਂ ਦਿੰਦਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇਲ੍ਹ ਅੰਦਰ ਉਸ ਕੋਲ ਮੋਬਾਇਲ ਫ਼ੋਨ ਕਿੱਥੋਂ ਆਇਆ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।