''ਚਿੱਤਰਕਲਾ ਵਰਕਸ਼ਾਪ'': ਰੰਗਾਂ ''ਚ ਪਿਰੋਇਆ ਅੰਮ੍ਰਿਤਸਰ ਰੇਲ ਹਾਦਸਾ

10/22/2018 12:01:08 PM

ਬਠਿੰਡਾ (ਜ. ਬ.)— ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਬਠਿੰਡਾ ਵਲੋਂ ਟੀਚਰਜ਼ ਹੋਮ ਵਿਖੇ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਥੇ ਚਿੱਤਰਕਾਰਾਂ ਨੇ ਅੰਮ੍ਰਿਤਸਰ ਰੇਲ ਹਾਦਸੇ ਤੇ ਹੋਰ ਵਿਸ਼ਿਆਂ ਨੂੰ ਰੰਗਾਂ 'ਚ ਪਿਰੋ ਕੇ ਸੂਖਮ ਕਲਾ ਦੇ ਉਚੇ ਕੱਦ ਨੂੰ ਪ੍ਰਤੱਖ ਕੀਤਾ। ਮਰਹੂਮ ਕਲਾਕਾਰ ਜਗਦੀਸ਼ ਸ਼ਰਮਾ ਨੂੰ ਸਮਰਪਿਤ ਇਸ ਵਰਕਸ਼ਾਪ ਦਾ ਉਦਘਾਟਨ ਪ੍ਰਸਿੱਧ ਚਿੱਤਰਕਾਰ ਸੋਹਨ ਸਿੰਘ ਵਲੋਂ ਕੈਨਵਸ ਨੂੰ ਰੰਗ ਛੁਹਾ ਕੇ ਕੀਤਾ ਗਿਆ, ਜਦਕਿ ਸ੍ਰੀ ਸ਼ਰਮਾ ਦੀ ਫੋਟੋ 'ਤੇ ਫੁੱਲ ਵੀ ਚੜਾਏ ਗਏ। ਇਸ ਦੌਰਾਨ ਅੰਮ੍ਰਿਤਸ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੋਹਨ ਸਿੰਘ ਨੇ ਚਿੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸਮਾਜਿਕ ਚੇਤਨਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਹੈ ਕਿ ਸਮਾਜ ਨੂੰ ਸੇਧ ਦੇਣ ਅਤੇ ਸਰਕਾਰਾਂ ਨੂੰ ਆਪਣਾ ਫਰਜ਼ ਯਾਦ ਦਿਵਾਉਣ ਲਈ ਰੰਗਾਂ ਦੀ ਬਾਖੂਬੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਆਰਟਿਸਟ ਦੇ ਅੰਮ੍ਰਿਤਸਰ ਰੇਲ ਹਾਦਸੇ ਅਤੇ ਸੋਸ਼ਲ ਮੀਡੀਆ 'ਤੇ ਬਣਾਏ ਗਏ ਚਿੱਤਰਾਂ ਨੂੰ ਖੂਬ ਸਰਾਹਨਾ ਮਿਲੀ। ਉਨ੍ਹਾਂ ਕਿਹਾ ਕਿ ਚਿੱਤਰਕਲਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਵਰਕਸ਼ਾਪਾਂ ਤੇ ਪ੍ਰਦਰਸ਼ਨੀਆਂ ਨਾਲ ਵੱਧ ਤੋਂ ਵੱਧ ਨੌਜਵਾਨ ਚਿੱਤਰਕਾਰਾਂ ਨੂੰ ਜੋੜਿਆ ਜਾਵੇ ਤਾਂ ਕਿ ਸੂਖਮ ਕਲਾਵਾਂ ਨੂੰ ਜਿੰਦਾ ਰੱਖਿਆ ਜਾ ਸਕੇ। ਇਸ ਮੌਕੇ ਪੰਜਾਬ ਦੇ ਕਰੀਬ 45 ਚਿੱਤਰਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਲੋਂ ਵੱਖ-ਵੱਖ ਘਟਨਾਵਾਂ ਅਤੇ ਵਿਸ਼ਿਆਂ 'ਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਥੇ ਪਹੁੰਚਣ ਵਾਲੇ ਸਮੂਹ ਚਿੱਤਰਕਾਰਾਂ ਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਰਜੀਤ ਪੇਟਰ, ਹਰਦਰਸ਼ਨ ਸਿੰਘ ਸੋਹਲ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


Related News