ਲੱਖਾ ਸਿਧਾਣਾ ਨੇ ਮੀਡੀਆ ਅਤੇ PM ਮੋਦੀ ਖਿਲਾਫ ਕੱਢੀ ਭੜਾਸ

Friday, Mar 01, 2019 - 11:28 AM (IST)

ਬਠਿੰਡਾ(ਅਮਿਤ)— ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਆਵਾਜ਼ ਚੁੱਕਣ ਵਾਲੇ ਲੱਖਾ ਸਿਧਾਣਾ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ 'ਤੇ ਕੀਤੇ ਸਰਜੀਕਲ ਸਟ੍ਰਾਈਕ 'ਤੇ ਕਿਹਾ ਕਿ ਭਾਰਤੀ ਮੀਡੀਆ ਭਾਰਤ ਵੱਲੋਂ ਕੀਤੀ ਕਾਰਵਾਈ ਦਿਖਾ ਰਿਹਾ ਹੈ, ਜਿਸ ਵਿਚ 300 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪਾਕਿਸਤਾਨ ਮੀਡੀਆ ਕਹਿ ਰਿਹਾ ਹੈ ਕਿ ਜਿੱਥੇ ਸਰਜੀਕਲ ਸਟ੍ਰਾਈਕ ਕੀਤੀ ਗਈ ਉਥੇ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਸੱਚ ਵਿਚ 300 ਅੱਤਵਾਦੀ ਮਾਰੇ ਗਏ ਹਨ ਤਾਂ ਉਨ੍ਹਾਂ ਦੀ ਲਾਸ਼ਾਂ ਕਿਉਂ ਨਹੀਂ ਦਿਖਾਈਆਂ ਗਈਆਂ। ਸਿਧਾਣਾ ਨੇ ਕਿਹਾ ਕਿ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਦੇ ਚੱਲਦੇ ਨਰਿੰਦਰ ਮੋਦੀ ਇਸ ਨੂੰ ਰਾਜਨੀਤਕ ਰੂਪ ਦੇ ਰਹੇ ਹਨ। ਇਹ ਚੋਣ ਜਿੱਤਣ ਦਾ ਸਟੰਟ ਹੈ ਜੋ ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਪਾਕਿਸਤਾਨ ਭਾਰਤ ਸਰਕਾਰ ਨੂੰ ਵਾਰ-ਵਾਰ ਅਪੀਲ ਕਰ ਰਿਹਾ ਹੈ ਕਿ ਬੈਠ ਕੇ ਸ਼ਾਂਤੀ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜੰਗ ਲੱਗਦੀ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੀ ਹੋਵੇਗਾ, ਕਿਉਂਕਿ ਪੰਜਾਬ ਵਿਚ ਸਾਰੇ ਬਾਰਡਰ ਪਾਕਿਸਤਾਨ ਦੇ ਨੇੜੇ ਲੱਗਦੇ ਹਨ।

ਉਥੇ ਹੀ ਲੱਖਾ ਸਿਧਾਣਾ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜਨ ਸਬੰਧੀ ਪੁੱਛੇ ਗਏ ਸਵਾਰ ਦੇ ਜਵਾਬ ਵਿਚ ਕਿਹਾ ਕਿ ਅਕਾਲੀ ਦਲ ਦਾ ਅਕਸ ਪੰਜਾਬ ਵਿਚ ਠੀਕ ਨਹੀਂ ਹੈ। ਇਸ ਲਈ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਬੀਬਾ ਬਾਦਲ ਵੀ ਬਠਿੰਡਾ ਤੋਂ ਚੋਣ ਲੜਨ ਤੋਂ ਪਿੱਛੇ ਹੱਟ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਬਠਿੰਡਾ ਤੋਂ ਸੀਟ ਬਦਲ ਕੇ ਕਿਸੇ ਦੂਜੇ ਜ਼ਿਲੇ ਤੋਂ ਚੋਣ ਲੜਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਦੇ ਬਾਰੇ ਕਿਹਾ ਕਿ ਇਨ੍ਹਾਂ ਬਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਲਈ ਇਸ ਮਸਲੇ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਕਿ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ ਪਰ ਅਕਾਲੀ ਦਲ ਦੀ ਜਿੱਤ ਮੁਸ਼ਕਲ ਹੀ ਲੱਗ ਰਹੀ ਹੈ।


cherry

Content Editor

Related News