ਬਠਿੰਡਾ ਜੇਲ ਸੁਪਰਡੈਂਟ ਨੇਗੀ ਦੀ ਹਿਟਲਰਸ਼ਾਹੀ ਖ਼ਿਲਾਫ਼ 1 ਅਗਸਤ ਨੂੰ ਜੇਲ ਅੱਗੇ ਹੋਵੇਗਾ ਧਰਨਾ : ਜਥੇਦਾਰ ਦਾਦੂਵਾਲ

Friday, Jul 22, 2022 - 06:16 PM (IST)

ਬਠਿੰਡਾ ਜੇਲ ਸੁਪਰਡੈਂਟ ਨੇਗੀ ਦੀ ਹਿਟਲਰਸ਼ਾਹੀ ਖ਼ਿਲਾਫ਼ 1 ਅਗਸਤ ਨੂੰ ਜੇਲ ਅੱਗੇ ਹੋਵੇਗਾ ਧਰਨਾ : ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ (ਮੁਨੀਸ਼) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਠਿੰਡਾ ਦੀ ਕੇਂਦਰੀ ਜੇਲ ਵਿਚ ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੀ ਅਤਿ ਮੰਦਭਾਗੀ ਘਟਨਾ ਸਾਹਮਣੇ ਆਈ ਸੀ ਜੋ ਸਿੱਖ ਨੌਜਵਾਨ ਵੱਲੋਂ ਆਪਣੇ ਨਾਲ ਬਠਿੰਡਾ ਜੇਲ ਪ੍ਰਸ਼ਾਸਨ ਵੱਲੋਂ ਕੀਤੀ ਕੁੱਟਮਾਰ ਅਤੇ ਕੇਸ ਕਤਲ ਕੀਤੇ ਜਾਣ ਦਾ ਇੰਕਸ਼ਾਫ਼ ਕੀਤਾ ਗਿਆ ਸੀ। ਇਸ ਖਬਰ ਨੂੰ ਬਹੁਤ ਸਾਰੇ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤਾ ਸੀ ਜਿਸ ਦੀ ਸਾਰੇ ਸੰਸਾਰ ਵਿਚ ਇਨਸਾਫ਼ ਪਸੰਦ ਲੋਕਾਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ, ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜੇਲ ਵਿਚ ਵਾਪਰੀ ਇਸ ਘਟਨਾ ਦੀ ਸੱਚਾਈ ਜਾਨਣ ਲਈ ਮੈਂ ਖੁੱਦ ਬਠਿੰਡਾ ਜੇਲ ਵਿਖੇ ਪਹੁੰਚ ਕੀਤੀ ਪਰ ਜੇਲ ਸੁਪਰਡੈਂਟ ਨੇਗੀ ਨੇ ਪੀੜਤ ਨੌਜਵਾਨ ਨੂੰ ਮਿਲਾਉਣ ਅਤੇ ਖੁਦ ਵੀ ਮਿਲ ਕੇ ਜਾਣਕਾਰੀ ਦੇਣ ਤੋਂ ਜਵਾਬ ਦੇ ਦਿੱਤਾ ਜਿਸ ਨੂੰ ਡੀ. ਸੀ. ਬਠਿੰਡਾ ਅਤੇ ਐੱਸ. ਐੱਸ. ਪੀ ਬਠਿੰਡਾ ਨੇ ਵੀ ਫੋਨ ’ਤੇ ਸੰਪਰਕ ਕੀਤਾ ਪਰ ਜੇਲ ਸੁਪਰਡੈਂਟ ਆਪਣੀ ਹਿਟਲਰਸ਼ਾਹੀ ਸੋਚ ’ਤੇ ਅੜਿਆ ਰਿਹਾ ਅਤੇ ਉਸਨੇ ਪੀੜਤ ਨੌਜਵਾਨ ਨੂੰ ਤਾਂ ਕੀ ਮਿਲਾਉਣਾ ਸੀ ਖੁਦ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਜੇਲ ਪ੍ਰਸ਼ਾਸਨ ਦਾ ਕਾਲਾ ਚਿਹਰਾ ਨੰਗਾ ਹੋ ਗਿਆ। 

ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੀ ਸੱਚਾਈ ਬਾਹਰ ਕੱਢਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ’ਚ ਖੜਾ ਕਰਨ, ਜੇਲ ਸੁਪਰਡੈਂਟ ਦੀ ਹਿਟਲਰਸ਼ਾਹੀ ਸੋਚ ਖ਼ਿਲਾਫ਼ 1 ਅਗਸਤ ਸੋਮਵਾਰ ਸਵੇਰੇ 11 ਵਜੇ ਬਠਿੰਡਾ ਦੀ ਜੇਲ ਦੇ ਗੇਟ ਉੱਪਰ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਵੱਲੋਂ ਧਰਨਾ ਦਿੱਤਾ ਜਾਵੇਗਾ। ਦਾਦੂਵਾਲ ਨੇ ਸਮੂੰਹ ਸਿੱਖ ਸੰਗਤਾਂ ਨੂੰ ਅਤੇ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਅਤੇ ਜੇਲ ਸੁਪਰਡੰਟ ਨੇਗੀ ਦੀ ਹਿਟਲਰਸ਼ਾਹੀ ਖ਼ਿਲਾਫ ਸਾਰੇ ਆਪਣਾ ਫਰਜ਼ ਸਮਝਦੇ ਹੋਏ 1ਅਗਸਤ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਬਠਿੰਡਾ ਦੀ ਜੇਲ ਦੇ ਗੇਟ ਅੱਗੇ ਵਹੀਰਾਂ ਘੱਤ ਕੇ ਪੁੱਜੋ। 


author

Gurminder Singh

Content Editor

Related News