ਜੇਲ ਮੰਤਰੀ ਨੇ ਬਠਿੰਡਾ ਜੇਲ ਦਾ ਕੀਤਾ ਦੌਰਾ, ਗੈਂਗਸਟਰਾਂ ਨੂੰ ਮੁੱਖ ਧਾਰਾ ’ਚ ਲਿਆਉਣ ਦਾ ਕੀਤਾ ਜਾਵੇਗਾ ਯਤਨ
Saturday, Jun 04, 2022 - 05:28 PM (IST)
ਬਠਿੰਡਾ (ਵਰਮਾ) : ਪੰਜਾਬ ਦੇ ਜੇਲ ਮੰਤਰੀ ਹਰਜੋਤ ਬੈਂਸ ਨੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿਚ ਰਹੀ ਬਠਿੰਡਾ ਜੇਲ ਦਾ ਸ਼ਨੀਵਾਰ ਨੂੰ ਅਚਾਨਕ ਦੌਰਾ ਕੀਤਾ ਅਤੇ ਗੈਂਗਸਟਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜੇਲ ਜਿਸ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਵਿਚ ਸੁਧਾਰ ਲਿਆਂਦਾ ਜਾਵੇਗਾ। 25 ਤੋਂ 35 ਸਾਲ ਦੇ ਨੌਜਵਾਨ ਗੈਂਗਸਟਰਾਂ ਦੇ ਰੂਪ ਵਿਚ ਜੇਲਾਂ ਵਿਚ ਬੰਦ ਹਨ, ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਯਤਨ ਕੀਤੇ ਜਾਣਗੇ।
ਜੇਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਜਵਾਨੀ ਨਹੀਂ ਰੁਲਨ ਦਿੱਤੀ ਜਾਵੇਗੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਿਰਦੋਸ਼ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਜੇਲਾਂ ਵਿਚ ਬੰਦ ਕਰ ਦਿੱਤਾ। ਸਾਬਕਾ ਸਰਕਾਰ ਦੇ ਕੰਮਾਂ ਨੂੰ ਨਲਾਇਕੀ ਕਹਿੰਦਿਆਂ ਹੋਇਆਂ ਜੇਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸਾਰੀਆਂ ਜੇਲਾਂ ਦੇ ਦੌਰੇ ਕੀਤੇ ਜਾਣਗੇ ਅਤੇ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਲ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਬਠਿੰਡਾ ਜੇਲ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਜੇਲ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਜਦਕਿ ਅਗਲੇ 6 ਮਹੀਨਿਆਂ ਵਿਚ ਬਠਿੰਡਾ ਨੂੰ ਮੋਬਾਇਲ ਫਰੀ ਜ਼ੋਨ ਵਿਚ ਤਬਦੀਲ ਕੀਤਾ ਜਾਵੇਗਾ।