ਬਠਿੰਡਾ ਹੌਟ ਸੀਟ 'ਤੇ ਆਸਾਨ ਨਹੀਂ ਹੈ 'ਆਪ' ਦੀ ਰਾਹ

Monday, Apr 22, 2019 - 12:04 AM (IST)

ਬਠਿੰਡਾ ਹੌਟ ਸੀਟ 'ਤੇ ਆਸਾਨ ਨਹੀਂ ਹੈ 'ਆਪ' ਦੀ ਰਾਹ

ਬਠਿੰਡਾ (ਪਰਮਿੰਦਰ)-ਬਠਿੰਡਾ ਹੌਟ ਸੀਟ ਹਰ ਵਾਰ ਦੀਆਂ ਚੋਣਾਂ ਵੇਲੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿਉਂਕਿ ਇਹ ਸੀਟ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਇਸ ਖਿੱਤੇ 'ਚ ਪੰਜ ਸੀਟਾਂ ਹਾਸਲ ਹੋ ਗਈਆਂ ਸਨ ਪਰ ਜੇਕਰ ਲੋਕ ਸਭਾ ਚੋਣਾਂ ਦੇ ਪਿਛਲੇ ਨਤੀਜਿਆਂ ਵੱਲ ਨਜ਼ਰ ਮਾਰੀਏ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਰਾਹ ਇਸ ਸੀਟ 'ਤੇ ਇੰਨੀ ਆਸਾਨ ਵਿਖਾਈ ਨਹੀਂ ਦੇ ਰਹੀ ਹੈ। 'ਆਪ' ਵਲੋਂ ਇਸ ਸੀਟ 'ਤੇ ਤਲਵੰਡੀ ਸਾਬੋ ਦੀ ਮੌਜੂਦਾ ਵਿਧਾਇਕਾ ਪ੍ਰੋ. ਬਲਵਿੰਦਰ ਕੌਰ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਜੋ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਤਲਵੰਡੀ ਸਾਬੋ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰ ਚੁੱਕੀ ਹੈ ਪਰ ਪਾਰਟੀ ਦੇ ਹਾਲਾਤ ਹੁਣ ਪਹਿਲਾਂ ਵਾਲੇ ਨਹੀਂ ਰਹੇ, ਜਿਸ ਕਰਕੇ ਇਸ ਸੀਟ 'ਤੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।2014 'ਚ 'ਆਪ' ਨੂੰ ਮਿਲੀਆਂ ਸੀ ਸਿਰਫ 87901 ਵੋਟਾਂ'ਆਪ' ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਸਰਾਜ ਸਿੰਘ ਜੱਸੀ ਨੂੰ ਇਸ ਸੀਟ 'ਤੇ ਉਤਾਰਿਆ ਸੀ ਜੋ ਆਪਣੇ ਵਿਰੋਧੀਆਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਦੇ ਮੁਕਾਬਲੇ ਬੇਹੱਦ ਘੱਟ ਵੋਟਾਂ ਹਾਸਲ ਕਰ ਸਕਿਆ ਸੀ। 2014 'ਚ ਹਰਸਿਮਰਤ ਕੌਰ ਬਾਦਲ ਨੇ 514361 ਵੋਟਾਂ ਲੈ ਕੇ ਉਕਤ ਸੀਟ 'ਤੇ ਜਿੱਤ ਹਾਸਲ ਕੀਤੀ ਸੀ ਤੇ ਦੂਜੇ ਨੰਬਰ 'ਤੇ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ 495232 ਵੋਟਾਂ ਮਿਲੀਆਂ ਸਨ ਪਰ 'ਆਪ' ਉਮੀਦਵਾਰ ਜਸਰਾਜ ਜੱਸੀ ਨੂੰ ਸਿਰਫ਼ 87901 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ੳੁਕਤ ਵੋਟਾਂ ਕੁਲ 15 ਲੱਖ ਵੋਟਾਂ ਦਾ 10 ਫੀਸਦੀ ਵੀ ਨਹੀਂ ਬਣਦਾ ਸੀ। ਹਾਲਾਂਕਿ ਪਾਰਟੀ ਬੁਲਾਰਿਆਂ ਦਾ ਕਹਿਣਾ ਹੈ ਕਿ ਪਾਰਟੀ ਬਠਿੰਡਾ ਹਲਕੇ 'ਚ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਈ ਹੈ ਤੇ ਅਕਾਲੀ ਦਲ ਤੇ ਕਾਂਗਰਸ ਨੂੰ ਹਰ ਤਰ੍ਹਾਂ ਨਾਲ ਸਖਤ ਟੱਕਰ ਦੇਣ 'ਚ ਸਮਰਥ ਹੈ।
ਸੁਖਪਾਲ ਖਹਿਰਾ ਦੇ ਵੱਖ ਹੋਣ ਨਾਲ ਵੀ ਹੋਵੇਗਾ ਨੁਕਸਾਨ2014 ਦੀਆਂ ਲੋਕ ਸਭਾ ਚੋਣਾਂ ਦੌਰਾਨ 'ਆਪ' ਦੀ ਸਿੱਧੀ ਟੱਕਰ ਉਸ ਸਮੇਂ ਸੂਬੇ ਦੀ ਸੱਤਾ 'ਤੇ ਕਾਬਜ਼ ਅਕਾਲੀ ਦਲ ਨਾਲ ਮੰਨੀ ਜਾ ਰਹੀ ਸੀ। ਇਹ ਹੀ ਨਹੀਂ ਉਸ ਸਮੇਂ 'ਆਪ' ਦੀ ਪੰਜਾਬ 'ਚ ਲਹਿਰ ਵੀ ਸੀ ਤੇ ਲੋਕ ਪਾਰਟੀ ਦਾ ਸਾਥ ਦੇ ਰਹੇ ਸੀ ਪਰ ਪਿਛਲੇ ਸਮੇਂ ਦੌਰਾਨ ਪਾਰਟੀ 'ਚ ਰਹੇ ਹਾਲਾਤ ਕਾਰਨ ਹੁਣ ਹਵਾ ਦਾ ਰੁਖ ਬਦਲਿਆ ਨਜ਼ਰ ਆ ਰਿਹਾ ਹੈ। ਪਾਰਟੀ ਤੋਂ ਵੱਖ ਹੋ ਕੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵੱਖ ਪਾਰਟੀ ਦਾ ਗਠਨ ਕਰ ਲਿਆ ਹੈ। ਖਹਿਰਾ ਬਠਿੰਡਾ ਸੀਟ 'ਤੇ ਕੇਵਲ ਆਮ ਆਦਮੀ ਪਾਰਟੀ ਨੂੰ ਹੀ ਟੱਕਰ ਦੇਣ ਲਈ ਮੈਦਾਨ 'ਚ ਉੱਤਰੇ ਹਨ। ਇਹ ਹੀ ਨਹੀਂ 'ਆਪ' ਦੀ ਟਿਕਟ 'ਤੇ ਵਿਧਾਨਸਭਾ ਚੋਣ ਲੜ ਚੁੱਕੇ ਦੀਪਕ ਬਾਂਸਲ ਵੀ ਖਹਿਰਾ ਪਾਰਟੀ 'ਚ ਸ਼ਾਮਲ ਹੋ ਗਏ ਹਨ, ਜਿਸ ਕਾਰਨ ਇਸ ਸੀਟ 'ਤੇ 'ਆਪ' ਨੂੰ ਵੱਡੀ ਚੁਣੌਤੀ ਮਿਲਣ ਦੇ ਆਸਾਰ ਹਨ। ਇਸਦੇ ਨਾਲ ਹੀ ਬਠਿੰਡਾ ਸੀਟ 'ਤੇ ਹੁਣ ਮੁੱਖ ਮੁਕਾਬਲਾ ਕਾਂਗਰਸ ਦੇ ਰਾਜਾ ਵੜਿੰਗ ਅਤੇ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਰਮਿਆਨ ਹੀ ਮੰਨਿਆ ਜਾ ਰਿਹਾ ਹੈ, ਜਦੋਂ ਕਿ ਖਹਿਰਾ ਅਤੇ ਪ੍ਰੋ. ਬਲਜਿੰਦਰ ਕੌਰ ਦੇ ਆਉਣ ਨਾਲ ਇਹ ਹੋਰ ਦਿਲਚਸਪ ਹੋ ਜਾਵੇਗਾ। ਇਹ ਤਾਂ ਸਮਾਂ ਦੱਸੇਗਾ ਕਿ ਲੋਕ ਸਭਾ ਚੋਣਾਂ ਦਾ ਇਹ ਮੇਲਾ ਕੌਣ ਲੁੱਟੇਗਾ, ਫਿਲਹਾਲ ਹਰ ਕੋਈ ਆਪਣੀ ਪੂਰੀ ਤਾਕਤ ਲਾ ਰਿਹਾ ਹੈ।


author

satpal klair

Content Editor

Related News