ਬਠਿੰਡਾ: ਬੂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਕਰੋੜਾਂ ਦਾ ਸਾਮਾਨ ਸੜ ਕੇ ਸੁਆਹ

Tuesday, Oct 23, 2018 - 02:55 PM (IST)

ਬਠਿੰਡਾ (ਸੁਖਵਿੰਦਰ,ਬਲਵਿੰਦਰ, ਵਿਜੈ)— ਇੰਡਸਟ੍ਰੀਜ਼ ਗ੍ਰੋਥ ਸੈਂਟਰ ਮਾਨਸਾ ਰੋਡ 'ਤੇ ਬੂਟ ਬਣਾਉਣ ਵਾਲੀ ਇਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਸ਼੍ਰੀ ਗਣੇਸ਼ ਇੰਡਸਟ੍ਰੀਜ਼ ਡੀ-26 ਫੈਕਟਰੀ ਦੇ ਮਾਲਕ ਬੀਰਬਲ ਦਾਸ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸਦੀ ਮਾਨਸਾ ਰੋਡ 'ਤੇ ਗ੍ਰੋਥ ਸੈਂਟਰ 'ਚ ਬੂਟ ਅਤੇ ਬੂਟਾਂ ਦਾ ਸਾਮਾਨ ਤਿਆਰ ਕਰਨ ਦੀ ਫੈਕਟਰੀ ਹੈ। ਉਹ ਫੈਕਟਰੀ 'ਚ ਮਾਲ ਤਿਆਰ ਕਰ ਕੇ ਬਾਹਰਲੀਆਂ ਸਟੇਟਾਂ ਨੂੰ ਸਪਲਾਈ ਕਰਦੇ ਹਨ। ਬੀਤੀ ਸ਼ਾਮ ਉਹ ਰੋਜ਼ਾਨਾ ਦੀ ਤਰ੍ਹਾਂ ਫੈਕਟਰੀ ਤੋਂ ਆਪਣੇ ਘਰ ਗਏ ਸਨ।

PunjabKesari

ਮੰਗਵਾਰ ਸਵੇਰੇ ਲਗਭਗ 6 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਫੈਕਟਰੀ 'ਚੋਂ ਧੂਆਂ ਨਿਕਲ ਰਿਹਾ ਹੈ। ਸੂਚਨਾ ਮਿਲਣ 'ਤੇ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਅੱਗ ਪੂਰੀ ਤਰ੍ਹਾਂ ਫੈਕਟਰੀ ਵਿਚ ਫੈਲ ਚੁੱਕੀ ਸੀ। ਇਸ ਦੌਰਾਨ ਬਠਿੰਡਾ ਫਾਇਰ ਬਿਗ੍ਰੇਡ ਦੇ ਇਲਾਵਾ ਗਿੱਦੜਬਾਹਾ, ਰਾਮਪੁਰਾ ਥਰਮਲ ਤੇ ਐੱਨ.ਐੱਫ.ਐੱਲ. ਦੇ ਫਾਇਰ ਬਿਗ੍ਰੇਡ ਦੀ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਫਾਇਰ ਬ੍ਰਿਗੇਡ ਅਮਲੇ ਵਲੋਂ  ਕਰੀਬ 2 ਘੰਟਿਆਂ ਦੇ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਪਰਨੀਤ ਅਤੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਫੈਕਟਰੀ ਦੇ ਮਾਲਕ ਨੇ ਕਿਹਾ ਕਿ ਅਜੇ ਤੱਕ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਸਕਦਾ।

PunjabKesari

ਫਾਇਰ ਬ੍ਰਿਗੇਡ 'ਤੇ ਲੱਗੇ ਦੇਰੀ ਨਾਲ ਪਹੁੰਚਣ ਦੇ ਦੋਸ਼—
ਇਸ ਮੌਕੇ ਗ੍ਰੋਥ ਸੈਂਟਰ ਦੇ ਵਪਾਰੀਆਂ ਅਤੇ ਫੈਕਟਰੀ ਦੇ ਮਾਲਕਾਂ ਵੱਲੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ 'ਤੇ ਦੇਰੀ ਨਾਲ ਪਹੁੰਚਣ ਦੇ ਦੋਸ਼ ਲਾਏ ਗਏ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਸੀ ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਭਗ ਇਕ ਘੰਟੇ ਦੀ ਦੇਰੀ ਨਾਲ ਪਹੁੰਚੇ, ਜਦਕਿ ਫੈਕਟਰੀ ਅਤੇ ਸਟੇਸ਼ਨ ਦੀ ਦੂਰੀ ਸਿਰਫ਼ 3 ਕਿਲੋਮੀਟਰ ਦੀ ਹੈ। ਓਧਰ ਫਾਇਰ ਅਫ਼ਸਰ ਜਸਵਿੰਦਰ ਸਿੰਘ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ।

150 ਫੈਕਟਰੀਆਂ ਪਰ ਫਾਇਰ ਸਟੇਸ਼ਨ ਨਹੀਂ—
ਇੰਡਸਟ੍ਰੀਜ਼ ਗ੍ਰੋਥ ਸੈਂਟਰ 'ਚ ਵੱਖ-ਵੱਖ ਤਰ੍ਹਾਂ ਦੀਆਂ ਲਗਭਗ 150 ਤੋਂ ਵੱਧ ਫੈਕਟਰੀਆਂ ਸਥਾਪਤ ਹਨ। ਤਿਉਹਾਰਾਂ ਨਜ਼ਦੀਕ ਹਰ ਸਾਲ ਗ੍ਰੋਥ ਸੈਂਟਰ ਵਿਚ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। 2016 'ਚ ਸ਼ਾਰਟ ਸਰਕਟ ਹੋਣ ਕਾਰਨ ਸਾਬਣ ਬਣਾਉਣ ਦੀ ਫੈਕਟਰੀ ਨੂੰ ਅੱਗ ਲੱਗ ਗਈ ਸੀ। ਇਸੇ ਤਰ੍ਹਾਂ 2017 'ਚ ਅਗਰਵਾਲ ਪੈਕਰਜ਼ ਨਾਮ ਦੀ ਫੈਕਟਰੀ 'ਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਅਤੇ ਹੁਣ ਦੀਵਾਲੇ ਮੌਕੇ ਹੀ ਸ਼੍ਰੀ ਗਣੇਸ਼ ਇੰਡਸਟ੍ਰੀਜ਼ 'ਚ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਵਪਾਰੀਆਂ ਵੱਲੋਂ ਗ੍ਰੋਥ ਸੈਂਟਰ 'ਚ ਫਾਇਰ ਸਟੇਸ਼ਨ ਸਥਾਪਤ ਕਰਨ ਦੀ ਕੀਤੀ ਜਾ ਰਹੀ ਹੈ ਪਰ ਕਾਰਪੋਰੇਸ਼ਨ ਅਤੇ ਸਰਕਾਰ ਵੱਲੋਂ ਫੰਡਾਂ ਦਾ ਹਵਾਲਾ ਦੇ ਕੇ ਉਕਤ ਮੰਗ ਨੂੰ ਟਾਲਿਆ ਜਾ ਰਿਹਾ ਹੈ।

 

 

 


Related News